ਪੈਗੰਬਰ ਅਤੇ ਉਸ ਦਾ ਪਰਿਵਾਰ
ਪੈਗੰਬਰ: ਇੱਕ ਸਧਾਰਨ ਆਦਮੀ
ਰੱਬ ਦਾ ਦੂਤ ਤੇ ਧਾਰਮਿਕ ਆਗੂ ਹੋਣ ਦੇ ਬਾਵਜੂਦ ਪੈਗੰਬਰ ਮੁਹੰਮਦ ਨੇ ਕਦੇ ਵੀ ਆਮ ਲੋਕਾਂ ਸਾਹਮਣੇ ਸਭ ਤੋਂ ਉੱਤਮ ਜਾਂ ਮਹਾਨ ਹੋਣ ਦਾ ਪ੍ਰਗਟਾਵਾ ਨਹੀਂ ਕੀਤਾ। ਉਸਨੇ ਕਦੇ ਵੀ ਲੋਕਾਂ ਨੂੰ ਨੀਵਾਂ, ਵਿਅਰਥ ਜਾਂ ਸ਼ਰਮਿੰਦਾ ਮਹਿਸੂਸ ਨਹੀਂ ਕਰਾਇਆ। ਉਸਨੇ ਆਪਣੇ ਪੈਰੋਕਾਰਾਂ ਨੂੰ ਸਦਾ ਬੇਨਤੀ ਕੀਤੀ ਕਿ ਉਹ ਸਭਨਾਂ ਨਾਲ ਦਇਆ ਅਤੇ ਨਿਮਰਤਾ ਸਹਿਤ ਵਿਚਰਨ, ਜੇ ਹੋ ਸਕੇ ਗੁਲਾਮਾਂ ਨੂੰ ਰਿਹਾਅ ਕਰਨ ਜਾਂ ਕਰਵਾਉਣ ਵਿਚ ਮਦਦ ਕਰਨ ਅਤੇ ਗਰੀਬਾਂ, ਅਨਾਥਾਂ, ਕੈਦੀਆਂ ਆਦਿ ਨੂੰ ਨਿਸਵਾਰਥ ਦਾਨ ਦੇਣ।
ਪੈਗੰਬਰ ਆਰੰਭ ਤੋਂ ਹੀ ਅਸਵਾਰਥੀ ਸੀ। ਉਹ ਬਿਲਕੁਲ ਸਾਦਾ ਅਤੇ ਬਹੁਤ ਘੱਟ ਭੋਜਨ ਖਾਂਦਾ ਸੀ। ਉਸਨੇ ਕਦੇ ਵੀ ਆਪਣਾ ਪੇਟ ਭਰਨਾ ਪਸੰਦ ਨਹੀਂ ਕੀਤਾ। ਕਈ ਵਾਰ, ਕਈ-ਕਈ ਦਿਨਾਂ ਤੱਕ ਉਹ ਕੱਚੇ ਭੋਜਨ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਖਾਂਦਾ। ਉਹ ਫਰਸ਼ ’ਤੇ ਇੱਕ ਬਹੁਤ ਹੀ ਸਾਧਾਰਨ ਚਟਾਈ ਵਿਛਾ ਕੇ ਸੌਂਦਾ ਸੀ ਅਤੇ ਉਹਦੇ ਕੋਲ ਘਰ ਵਿਚ ਆਰਾਮ ਜਾਂ ਸਜਾਵਟ ਲਈ ਕੁਝ ਵੀ ਨਹੀਂ ਸੀ। ਇੱਕ ਰਾਤ ਉਸਦੀ ਪਤਨੀ ਹਫਸਾਹ ਨੇ ਉਸਨੂੰ ਬਿਨਾਂ ਦੱਸੇ ਚਟਾਈ ਨੂੰ ਦੁਹਰੀ ਮੋੜ ਕੇ ਵਿਛਾ ਦਿੱਤਾ ਤਾਂ ਜੋ ਪੈਗੰਬਰ ਵਧੇਰੇ ਨਰਮ ਅਤੇ ਆਰਾਮਦਾਇਕ ਤਰੀਕੇ ਨਾਲ ਸੌ ਸਕੇ। ਬੇਸ਼ਕ ਉਸ ਰਾਤ ਉਹ ਸ਼ਾਂਤੀ ਨਾਲ ਸੁੱਤਾ, ਪਰ ਬਹੁਤੇ ਅਰਾਮ ਕਾਰਣ ਉਸਦੀ ਸਵੇਰੇ ਸਮੇਂ ਸਿਰ ਜਾਗ ਨਹੀਂ ਖੁੱਲ੍ਹੀ, ਜਿਸ ਕਰਕੇ ਉਹ ਫਜਰ ਦੀ ਨਮਾਜ਼ ਤੋਂ ਖੁੰਝ ਗਿਆ। ਜਦੋਂ ਜਾਗ ਖੁੱਲ੍ਹੀ ਤਾਂ ਉਸਨੂੰ ਇੰਨਾ ਪਸ਼ਤਾਵਾ ਹੋਇਆ ਕਿ ਫਿਰ ਕਦੇ ਉਹ ਇਸ ਤਰ੍ਹਾਂ ਨਹੀਂ ਸੁੱਤਾ।
ਸਾਦਾ ਜੀਵਨ ਅਤੇ ਸੰਤੁਸ਼ਟੀ ਪੈਗੰਬਰ ਦੇ ਜੀਵਨ ਦੀਆਂ ਮੁੱਖ ਸਿੱਖਿਆਵਾਂ ਸਨ: “ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਦੇਖਦੇ ਹੋ ਜਿਸ ਨੂੰ ਈਸ਼ਵਰ ਨੇ ਤੁਹਾਡੇ ਨਾਲੋਂ ਜ਼ਿਆਦਾ ਪੈਸਾ ਅਤੇ ਸੁੰਦਰਤਾ ਦਿੱਤੀ ਹੈ, ਤਾਂ ਇਕ ਵਾਰ ਉਨ੍ਹਾਂ ਵੱਲ ਵੀ ਦੇਖੋ ਜਿਨ੍ਹਾਂ ਨੂੰ ਤੁਹਾਡੇ ਨਾਲੋਂ ਬਹੁਤ ਘੱਟ ਮਿਿਲਆ ਹੈ।” ਅਜਿਹਾ ਕਰਨ ਨਾਲ ਤੁਸੀਂ ਸੱਖਣੇ ਮਹਿਸੂਸ ਕਰਨ ਦੀ ਬਜਾਏ, ਈਸ਼ਵਰ ਦੀਆਂ ਅਸੀਸਾਂ ਲਈ ਉਸਦਾ ਬੇਅੰਤ ਧੰਨਵਾਦ ਕਰੋਗੇ।
ਲੋਕ ਉਸਦੀ ਪਤਨੀ ‘ਆਇਸ਼ਾ’ (ਜੋ ਉਸਦੇ ਪਹਿਲੇ ਅਤੇ ਸਭ ਤੋਂ ਵਫ਼ਾਦਾਰ ਸਾਥੀ ਅਬੂ ਬਕਰ ਦੀ ਧੀ ਸੀ) ਨੂੰ ਅਕਸਰ ਪੁੱਛਦੇ ਸਨ ਕਿ ਪੈਗੰਬਰ ਘਰ ਵਿੱਚ ਕਿਵੇਂ ਵਿਚਰਦੇ ਹਨ? ਉਹਨਾਂ ਦਾ ਉੱਤਰ ਹੁੰਦਾ “ਇੱਕ ਆਮ ਇਨਸਾਨ ਵਾਂਗ। ਉਹ ਘਰ ਵਿਚ ਝਾੜੂ ਮਾਰਦਾ, ਆਪਣੇ ਕੱਪੜੇ ਸਿਊਂਦਾ, ਆਪਣੀ ਜੁੱਤੀ ਠੀਕ ਕਰਦਾ, ਊਠਾਂ ਨੂੰ ਪਾਣੀ ਪਿਲਾਉਂਦਾ, ਬੱਕਰੀਆਂ ਦਾ ਦੁੱਧ ਚੋਂਦਾ, ਕਾਮਿਆਂ ਦੀ ਮਦਦ ਕਰਦਾ, ਉਨ੍ਹਾਂ ਨਾਲ ਭੋਜਨ ਖਾਂਦਾ ਤੇ ਬਜ਼ਾਰ ਤੋਂ ਸਾਨੂੰ ਲੋੜੀਂਦਾ ਸਮਾਨ ਲਿਆ ਕੇ ਦਿੰਦਾ।” ਉਸ ਕੋਲ ਮੁਸ਼ਕਲ ਨਾਲ ਕੱਪੜਿਆਂ ਦਾ ਇੱਕ ਜੋੜਾ ਸੀ, ਜਿਸਨੂੰ ਉਹ ਧੋਂਦਾ ਤੇ ਪਾਉਂਦਾ ਸੀ।
ਉਹ ਘਰ ਦਾ ਮੋਹ ਕਰਨ ਵਾਲਾ, ਸ਼ਾਂਤੀ ਪਸੰਦ ਇਨਸਾਨ ਸੀ। ਉਹਦਾ ਕਹਿਣਾ ਸੀ “ਜਦੋਂ ਤੁਸੀਂ ਕਿਸੇ ਘਰ ਵਿੱਚ ਦਾਖਲ ਹੋਵੋ ਤਾਂ ਰੱਬ ਤੋਂ ਉਸ ਘਰ ਤੇ ਘਰ ਦੇ ਜੀਆਂ ਲਈ ਅਸੀਸਾਂ ਮੰਗੋ”। ਪੈਗੰਬਰ ਹਰ ਇਨਸਾਨ ਨੂੰ ‘ਅਸ-ਸਲਾਮੁ-ਅਲੈਕੁਮ’ ਆਖ ਕੇ ਸੰਬੋਧਿਤ ਹੁੰਦੇ ਸਨ, ਜਿਸਦਾ ਅਰਥ ਹੈ “ਤੁਹਾਡੇ ਉੱਤੇ ਸੁੱਖ-ਸ਼ਾਂਤੀ ਬਣੀ ਰਵੇੇ”, ਕਿਉਂਕਿ ਸ਼ਾਂਤੀ ਦੁਨੀਆ ਦੀ ਸਭ ਤੋਂ ਖੁਬਸੂਰਤ ਚੀਜ਼ ਹੈ।
ਪੈਗੰਬਰ ਦੀ ਦਿੱਖ
ਪੈਗੰਬਰ ਮੁਹੰਮਦ, ਔਸਤ ਕੱਦ ਤੋਂ ਉੱਚੇ, ਗੁਲਾਬੀ ਰੰਗਤ ਵਾਲੇ ਇੱਕ ਸੋਹਣੇ ਆਦਮੀ ਸਨ। ਉਹਨਾਂ ਦੀ ਕਦ-ਕਾਠ ਚੰਗੀ, ਮੋਢੇ ਬਹੁਤ ਚੌੜੇ ਅਤੇ ਪੇਟ ਬਿਲਕੁਲ ਸਪਾਟ ਸੀ। ਉਹ ਦ੍ਰਿੜਤਾ ਸਹਿਤ ਤੇਜ਼ ਰਫਤਾਰ ਨਾਲ ਤੁਰਦੇ ਸਨ। ਪੈਗੰਬਰ ਦੇ ਸਾਥੀਆਂ ਨੇ ਉਹਨਾਂ ਨੂੰ ਪ੍ਰਭਾਵਿਤ ਮੱਥਾ, ਸੋਹਣੇ ਦੰਦਾਂ, ਵੱਡੀਆਂ ਕਾਲੀਆਂ ਅੱਖਾਂ, ਸੋਹਣੀ ਮੁਸਕਰਾਹਟ, ਘੁੰਗਰਾਲੇ ਵਾਲ ਅਤੇ ਸੰਘਣੀ ਦਾੜ੍ਹੀ ਵਾਲਾ ਸੁੰਦਰ ਵਿਅਕਤੀ ਦੱਸਿਆ।
ਪੈਗੰਬਰ ਦੇ ਸਾਥੀਆਂ ਦਾ ਕਹਿਣਾ ਸੀ ਕਿ ਉਹਨਾਂ ਦਾ ਚਿਹਰਾ ਪੂਰਨਮਾਸ਼ੀ ਦੇ ਚੰਨ ਵਾਂਗ ਚਮਕਦਾਰ ਅਤੇ ਮਿਲਨਸਾਰ ਸੀ। ਉਹਨਾਂ ਦਾ ਹਾਸਾ ਇੰਨਾ ਕੋਮਲ ਸੀ ਕਿ ਉਹ ਸਿਰਫ ਇਕ ਮਿੱਠੀ ਜਿਹੀ ਮੁਕੁਰਾਹਟ ਜਾਪਦਾ ਸੀ ਅਤੇ ਉਹ ਮੁਸਕੁਰਾਹਟ ਉਹਨਾਂ ਦੇ ਚਮਕਦਾਰ ਦੰਦਾਂ ਨੂੰ ਦਰਸਾਉਂਦੀ ਸੀ। ਉਹਨਾਂ ਦੀ ਜ਼ਿੰਦਾਦਿਲੀ ਅਤੇ ਖੁੱਲ੍ਹੀ ਸ਼ਖ਼ਸੀਅਤ ਦਾ ਸਾਰਿਆਂ ’ਤੇ ਪ੍ਰਭਾਵ ਸੀ।
ਮੱਕਾ ਤੋਂ ਮਦੀਨਾ ਜਾਂਦੇ ਹੋਏ ਪੈਗੰਬਰ ਉਮ ਮਾਬਦ ਦੇ ਤੰਬੂ ਕੋਲੋਂ ਲੰਘੇ। ਉਸ ਔਰਤ ਨੇ ਪੈਗੰਬਰ ਦੇ ਕੁਝ ਚਮਤਕਾਰ ਦੇਖੇ ਅਤੇ ਪੈਗੰਬਰ ਦੇ ਉਥੋਂ ਜਾਣ ਤੋਂ ਪਹਿਲਾਂ ਇਸਲਾਮ ਕਬੂਲਣ ਦੀ ਸਹੁੰ ਖਾਧੀ। ਉਮ ਮਾਬਦ ਨੇ ਪੈਗੰਬਰ ਦਾ ਵਰਣਨ ਇਸ ਪ੍ਰਕਾਰ ਕੀਤਾ ਹੈ:
“ਮੈਂ ਇੱਕ ਇਨਸਾਨ ਦੇਖਿਆ ਜੋ ਬਹੁਤ ਸੁੰਦਰ, ਚਮਕਦਾਰ ਚਿਹਰੇ ਅਤੇ ਚੰਗੀ ਕੱਦ-ਕਾਠ ਵਾਲਾ ਹੈ, ਉਹਦਾ ਸਰੀਰ ਠੋਸ, ਪਤਲਾ ਪੇਟ ਅਤੇ ਵੱਡਾ ਸਿਰ ਹੈ। ਉਹ ਦੇਖਣ ਵਿਚ ਬਹੁਤ ਚੁਸਤ, ਸੰਤੁਲਿਤ ਨੈਨ-ਨਕਸ਼, ਕਾਲੀਆਂ ਅੱਖਾਂ ਅਤੇ ਲੰਬੀਆਂ ਪਲਕਾਂ ਦਾ ਮਾਲਕ ਹੈ। ਉਸ ਦੀ ਆਵਾਜ਼ ਖਰ੍ਹਵੀ ਜਾਂ ਕਠੋਰ ਨਹੀਂ ਹੈ। ਉਹਦੀ ਗਰਦਨ ਲੰਬੀ, ਘੁੰਗਰਾਲੀ ਦਾੜ੍ਹੀ ਅਤੇ ਭਾਰੇ ਭਰਵੱਟੇ ਜੋ ਆਪਸ ਵਿਚ ਜੁੜੇ ਹੋਏ ਹਨ। ਜਦੋਂ ਉਹ ਮੋਨ ਹੁੰਦਾ ਹੈ ਤਾਂ ਬਹੁਤ ਸ਼ਾਨਦਾਰ ਅਤੇ ਰਚਨਾਤਮਕ ਅਵਸਥਾ ਵਿਚ ਹੁੰਦਾ ਹੈ ਅਤੇ ਜਦੋਂ ਬੋਲਦਾ ਹੈ ਤਾਂ ਉਸਦੀ ਦਿੱਖ ਪ੍ਰਭਾਵਸ਼ਾਲੀ ਰੰਗਤ ਨਾਲ ਭਰ ਜਾਂਦੀ ਹੈ।
ਉਹ ਦੂਰੋਂ ਦੇਖਣ ’ਤੇ ਬਹੁਤ ਮਨਮੋਹਣਾ ਅਤੇ ਪ੍ਰਭਾਵਸ਼ਾਲੀ ਜਾਪਦਾ ਹੈ ਅਤੇ ਨੇੜਿਓਂ ਦੇਖਣ ’ਤੇ ਸਭ ਤੋਂ ਚੰਗਾ ਤੇ ਸੁੰਦਰ ਪ੍ਰਤੀਤ ਹੁੰਦਾ ਹੈ। ਉਹਦਾ ਬੋਲਣ ਦਾ ਢੰਗ ਬੜਾ ਸੁਚੱਜਾ ਹੈ, ਉਹ ਥੋੜ੍ਹਿਆਂ ਸ਼ਬਦਾਂ ਵਿਚ ਵੱਡੀ ਅਤੇ ਸਪਸ਼ਟ ਗੱਲ ਕਹਿਣ ਦੀ ਸਮਰੱਥਾ ਰੱਖਦਾ ਹੈ, ਉਸਦੇ ਸ਼ਬਦ ਮੋਤੀਆਂ ਦੀ ਇੱਕ ਆਦਰਸ਼ਕ ਮਾਲਾ ਵਰਗੇ ਹਨ।”
ਪੈਗੰਬਰ ਦਾ ਪਰਿਵਾਰ
ਪੈਗੰਬਰ ਦਾ ਪਰਿਵਾਰ ਬਹੁਤ ਵੱਡਾ ਸੀ। ਉਹਨਾਂ ਦੀਆਂ ਕਈ ਪਤਨੀਆਂ ਸਨ ਤੇ ਹਰੇਕ ਦੀ ਵੱਖਰੀ ਰਿਹਾਇਸ਼ ਸੀ। ਉਨ੍ਹਾਂ ਦਿਨਾਂ ਵਿੱਚ, ਜਦੋਂ ਮਰਦ ਅਕਸਰ ਯੁੱਧ ਵਿੱਚ ਮਾਰੇ ਜਾਂਦੇ ਸਨ ਤਾਂ ਉਹਨਾਂ ਦੀਆਂ ਵਿਧਵਾ ਔਰਤਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਨੂੰ ਚੁਕਣੀ ਪੈਂਦੀ ਸੀ। ਇਸ ਲਈ ਪਤਨੀਆਂ ਦੇ ਰੂਪ ’ਚ ਪੈਗੰਬਰ ਨੇ ਕਈ ਬੇਸਹਾਰਾ ਸ਼ਰਨਾਰਥੀਆਂ ਨੂੰ ਆਪਣੀ ਜ਼ਿੰਮੇਵਾਰੀ ਹੇਠ ਰੱਖਿਆ ਹੋਇਆ ਸੀ। ਉਨ੍ਹਾਂ ਨਾਲ ਦਿਆਲੂ ਭਾਵ ਅਤੇ ਉਦਾਰਤਾ ਸਹਿਤ ਪੇਸ਼ ਆਇਆ ਜਾਂਦਾ। ਮੁਸਲਿਮ ਮਰਦਾਂ ਨੂੰ ਉਨ੍ਹਾਂ ਦੋਸਤਾਂ ਦੀਆਂ ਵਿਧਵਾਵਾਂ ਦੀ ਦੇਖਭਾਲ ਕਰਨ, ਉਨ੍ਹਾਂ ਨੂੰ ਵੱਖਰੇ ਘਰ ਦੇਣ ਅਤੇ ਸਾਰੀਆਂ ਔਰਤਾਂ ਨਾਲ ਹਰ ਪੱਖੋਂ ਸਮਾਨ ਵਿਵਹਾਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਪੈਗੰਬਰ ਦੀਆਂ ਪਤਨੀਆਂ ਨੇ ਉਹਨਾਂ ਦੇ ਪਵਿੱਤਰ ਜੀਵਨ ਢੰਗ ਨੂੰ ਅਪਨਾਇਆ। ਉਨ੍ਹਾਂ ਪਤਨੀਆਂ ਨੇ ਅੱਲ੍ਹਾ ਦੇ ਮਾਰਗ ’ਤੇ ਚਲਦਿਆਂ ਹਰ ਕਿਸਮ ਦੀ ਕਠਿਨਾਈ ਨੂੰ ਸਹਿਜਤਾ ਨਾਲ ਸਹਾਰਿਆ ਅਤੇ ਮਹਾਨ ਕੁਰਬਾਨੀਆਂ ਦਿੱਤੀਆਂ। ਇਸ ਲਈ ਉਹ ਵਫ਼ਾਦਾਰਾਂ ਦੀਆਂ ਮਾਵਾਂ ਵਜੋਂ ਜਾਣੀਆਂ ਜਾਣ ਲੱਗੀਆਂ। ਪੈਗੰਬਰ ਦੇ ਸਾਰੇ ਪੁੱਤਰ ਬਚਪਨ ਵਿੱਚ ਹੀ ਫੌਤ ਹੋ ਗਏ ਸਨ। ਪਰ ਖਦੀਜਾਹ ਦੀ ਕੁੱਖੋਂ ਪੈਦਾ ਹੋਈਆਂ ਚਾਰ ਧੀਆਂ— ਫਾਤਿਮਾ, ਉਮ ਕੁਲਥੁਮ, ਰੁਕੈਆ ਅਤੇ ਜ਼ੈਨਬ— ਜਵਾਨ ਹੋਈਆਂ, ਵਿਆਹੀਆਂ ਗਈਆਂ ਅਤੇ ਅੱਗੋਂ ਬੱਚਿਆਂ ਨੂੰ ਜਨਮ ਦਿੱਤਾ।
ਰੁਕੈਆ ਅਤੇ ਉਮ ਕੁਲਥੁਮ ਦਾ ਵਿਆਹ (ਇੱਕ ਦੀ ਮੌਤ ਤੋਂ ਬਾਅਦ ਦੂਜਾ) ਉਸਮਾਨ ਬਿਨ ਅਫਾਨ ਨਾਲ, ਜ਼ੈਨਬ ਦਾ ਵਿਆਹ ਅਬੂ ਅਲ-ਅਸ ਨਾਲ ਅਤੇ ਸਭ ਤੋਂ ਛੋਟੀ ਫਾਤਿਮਾ ਦਾ ਵਿਆਹ ਅਲੀ ਇਬਨ ਅਬੀ ਤਾਲਿਬ ਨਾਲ ਹੋਇਆ। ਉਸ ਦੀਆਂ ਚਾਰੋਂ ਧੀਆਂ ਨੇ ਇਸਲਾਮ ਕਬੂਲ ਕੀਤਾ। ਅਲੀ ਅਤੇ ਉਸਮਾਨ ਸ਼ੁਰੂਆਤੀ ਮੁਸਲਮਾਨਾਂ ਵਿੱਚੋਂ ਸਨ ਪਰ ਜ਼ੈਨਬ ਦੇ ਪਤੀ ਅਬੂ ਅਲ-ਅਸ ਨੇ ਹਿਜਰਤ ਤੋਂ ਪਹਿਲਾਂ ਇਸਲਾਮ ਕਬੂਲ ਨਹੀਂ ਸੀ ਕੀਤਾ। ਅਬੂ ਅਲ ਪੈਗੰਬਰ ਮੁਹੰਮਦ ਦਾ ਬਹੁਤ ਸਤਿਕਾਰ ਕਰਦਾ ਸੀ ਪਰ ਉਸਨੂੰ ਲੱਗਦਾ ਸੀ ਕਿ ਲੋਕ ਕਹਿਣਗੇ ਕਿ ਉਸਨੇ ਆਪਣੀ ਪਤਨੀ ਦੇ ਕਹਿਣ ’ਤੇ ਇਸਲਾਮ ਕਬੂਲ ਕੀਤਾ ਹੈ। ਬਦਰ ਦੀ ਲੜਾਈ ਵਿੱਚ ਜਦੋਂ ਅਬੂ ਅਲ-ਅਸ ਨੂੰ ਬੰਦੀ ਬਣਾਇਆ ਤਾਂ ਉਸਦੀ ਰਿਹਾਈ ਧਨ ਦੇ ਕੇ ਕਰਵਾਈ ਗਈ ਸੀ। ਇਸਲਾਮ ਦੇ ਹੱਕ ਵਿਚ ਨਾ ਹੋਣ ਕਾਰਣ ਅਬੂ ਅਲ-ਅਸ ਨੇ ਆਪਣੀ ਪਤਨੀ ਜ਼ੈਨਬ ਨੂੰ ਵੀ ਤਲਾਕ ਦੇ ਦਿੱਤਾ ਸੀ। ਉਸਨੇ ਰਿਹਾ ਹੋਣ ਤੋਂ ਲੰਮੇਂ ਸਮੇਂ ਬਾਅਦ ਇਸਲਾਮ ਕਬੂਲ ਕੀਤਾ ਅਤੇ ਫਿਰ ਮਦੀਨਾ ਜਾ ਕੇ ਵੱਸ ਗਿਆ। ਮਦੀਨੇ ਆ ਕੇ ਉਸਦਾ ਵਿਆਹ ਮੁੜ ਜ਼ੈਨਬ ਨਾਲ ਹੋਇਆ।
ਰੁਕੈਆ ਅਤੇ ਉਮ ਕੁਲਥੁਮ ਦਾ ਵਿਆਹ ਪਹਿਲਾਂ ਅਬੂ ਲਹਾਬ ਦੇ ਦੋ ਪੁੱਤਰਾਂ ਉਤਬਾ ਅਤੇ ਉਤੈਬਾ ਨਾਲ ਕਰਨਾ ਤੈਅ ਕੀਤਾ ਗਿਆ ਸੀ। ਇਨ੍ਹਾਂ ਵਿਆਹਾਂ ਦੇ ਸੰਪੂਰਨ ਹੋਣ ਤੋਂ ਪਹਿਲਾਂ, ਪੈਗੰਬਰ ਨੇ ਲੋਕਾਂ ਨੂੰ ਇਸਲਾਮ ਦਾ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਸੀ। ਜਿਸ ਸਦਕਾ ਅਬੂ ਲਹਾਬ ਦੇ ਦੋਵੇਂ ਪੁੱਤਰਾਂ ਨੇ ਰੁਕੈਆ ਤੇ ਉਮ ਕੁਲਥੁਮ ਨੂੰ ਤਲਾਕ ਦੇ ਦਿੱਤਾ।