ਮਦੀਨਾ ਵੱਲ ਪਰਵਾਸ
ਪੈਗੰਬਰ ਮੱਕਾ ਦੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇਸਲਾਮ ਦਾ ਸੰਦੇਸ਼ ਦਿੰਦੇ ਸਨ। ਯਥਰੀਬ (ਪੈਗੰਬਰ ਦੇ ਸ਼ਹਿਰ ‘ਮਦੀਨਾਤੁਨ-ਨਬੀ’ ਵਜੋਂ ਨਾਮ ਬਦਲਿਆ ਗਿਆ) ਦੇ ਵਸਨੀਕਾਂ ਨੇ ਇਸਲਾਮ ਕਬੂਲ ਕਰਨਾ ਆਰੰਭ ਕਰ ਦਿੱਤਾ ਸੀ।
ਪੈਗੰਬਰੀ ਦੇ ਤੇਰ੍ਹਵੇਂ ਸਾਲ ਯਥਰੀਬ ਤੋਂ 72 ਮੁਸਲਮਾਨ ਹੱਜ ਲਈ ਆਏ। ਉਹਨਾਂ ਨੇ ਆਪਣੇ ਲੋਕਾਂ ਵਲੋਂ ਪੈਗੰਬਰ ਨੂੰ ਯਥਰੀਬ ਆ ਕੇ ਵਸਣ ਦਾ ਸੱਦਾ ਦਿੱਤਾ। ਯਥਰੀਬ ਦੇ ਇਨ੍ਹਾਂ ਵਸਨੀਕਾਂ ਨੇ ਪੈਗੰਬਰ ਨੂੰ ਉਸਦੇ ਦੁਸ਼ਮਣਾਂ ਤੋਂ ਸੁਰੱਖਿਆ ਦੇਣ ਦਾ ਵਾਅਦਾ ਕੀਤਾ। ਇਸ ਦੇ ਬਦਲੇ ਵਿਚ ਉਹ ਪੈਗੰਬਰ ਤੋਂ ਸਿਰਫ਼ ਇੱਕ ਭਰੋਸਾ ਚਾਹੁੰਦੇ ਸਨ ਕਿ ਉਹ ਪਰਮਸੱਤਾ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਨੂੰ ਛੱਡ ਕੇ ਮੱਕਾ ਵਾਪਸ ਨਹੀਂ ਜਾਵੇਗਾ। ਮੁਹੰਮਦ ਨੇ ਜਵਾਬ ਦਿੱਤਾ: “ਤੁਸੀਂ ਭਰੋਸਾ ਰੱਖੋ। ਮੈਂ ਤੁਹਾਡਾ ਹਾਂ ਤੇ ਤੁਸੀਂ ਮੇਰੇ।”
ਹੁਣ ਮੁਸਲਮਾਨਾਂ ਨੇ ਕੁਰੈਸ਼ਾਂ ਦੇ ਜ਼ੁਲਮਾਂ ਤੋਂ ਬਚਣ ਲਈ ਵੱਡੀ ਗਿਣਤੀ ਵਿਚ ਯਥਰੀਬ ਵੱਲ ਕੂਚ ਕਰਨਾ ਆਰੰਭ ਕਰ ਦਿੱਤਾ। ਮੱਕਾ ਵਿੱਚ ਸਿਰਫ਼ ਪੈਗੰਬਰ, ਅਬੂ ਬਕਰ ਅਤੇ ਕੁਝ ਮੁਸਲਮਾਨ ਬਚੇ ਸਨ। ਇਸ ਨਾਲ ਕੁਰੈਸ਼ ਨਾਰਾਜ਼ ਹੋ ਗਏ ਕਿਉਂਕਿ ਇਸਲਾਮ ਹੁਣ ਯਥਰੀਬ ਵਿਚ ਆਪਣੀ ਜੜ੍ਹ ਮਜ਼ਬੂਤ ਕਰ ਰਿਹਾ ਸੀ ਤੇ ਇਸ ਤੋਂ ਵੱਧ ਖ਼ਤਰਨਾਕ ਹੋਰ ਕੁਝ ਨਹੀਂ ਸੀ। ਇਸ ਲਈ ਉਨ੍ਹਾਂ ਨੇ ਇਸ ਖ਼ਤਰੇ ਨੂੰ ਹਮੇਸ਼ਾ ਲਈ ਦੂਰ ਕਰਨ ਦਾ ਸੰਕਲਪ ਲਿਆ। ਓਹਨਾਂ ਨੇ ਕਿਹਾ:
“ਮੁਹੰਮਦ ਨੂੰ ਮਾਰ ਦਿਓ, ਇਸਲਾਮ ਉਸਦੇ ਨਾਲ ਹੀ ਮਰ ਜਾਵੇਗਾ।”
ਜਿਨ੍ਹਾਂ ਨੌਜੁਆਨਾਂ ਦੇ ਨਾਲ ਕੁਰੈਸ਼ ਕਬੀਲੇ ਨੇ ਕਤਲੇਆਮ ਕਰਨ ਦੀ ਯੋਜਨਾ ਬਣਾਈ ਸੀ, ਉਹ ਉਸ ਭਿਆਨਕ ਰਾਤ ਵਿੱਚ ਵਿਧੀਵਤ ਇਕੱਠੇ ਹੋਏ। ਪਰ ਇਸ ਤੋਂ ਪਹਿਲਾਂ ਕਿ ਕੁਰੈਸ਼ ਆਪਣੀ ਯੋਜਨਾ ਨੂੰ ਅਮਲ ਵਿੱਚ ਲਿਆਉਂਦੇ, ਪ੍ਰਮਾਤਮਾ ਨੇ ਪੈਗੰਬਰ ਲਈ ਇੱਕ ਵੱਖਰੀ ਯੋਜਨਾ ਦੀ ਕਲਪਨਾ ਕਰਦੇ ਹੋਏ ਉਸਨੂੰ ਮਦੀਨਾਹ ਲਈ ਰਵਾਨਾ ਹੋਣ ਦਾ ਹੁਕਮ ਕਰ ਦਿੱਤਾ ਅਤੇ ਪਰਮੇਸ਼ਰ ਦੀ ਯੋਜਨਾ ਨੂੰ ਕੌਣ ਬਦਲ ਕਰ ਸਕਦਾ ਹੈ? ਇਸ ਅਨੁਸਾਰ, ਪੈਗੰਬਰ ਨੇ ਲੋਕਾਂ ਦੀਆਂ ਸਾਰੀਆਂ ਜਮ੍ਹਾਂ ਰਾਸ਼ੀਆਂ ਵਾਪਸ ਦਵਾਉਣ ਤੋਂ ਬਾਅਦ ਅਲੀ ਨੂੰ ਆਪਣੇ ਬਿਸਤਰੇ ’ਤੇ ਲਿਟਾ ਦਿੱਤਾ, ਜਦਕਿ ਉਹ ਆਪ ਅੱਧੀ ਰਾਤ ਨੂੰ ਘਰ ਤੋਂ ਬਾਹਰ ਚਲਾ ਗਿਆ।
ਸਵੇਰ ਹੋਣ ਤੋਂ ਪਹਿਲਾਂ, ਪੈਗੰਬਰ, ਅਬੂ ਬਕਰ ਸਮੇਤ ਮੱਕਾ ਛੱਡ ਗਿਆ ਅਤੇ ਸ਼ਹਿਰ ਤੋਂ ਲਗਭਗ ਪੰਜ ਮੀਲ ਦੀ ਦੂਰੀ ’ਤੇ ਦੋਵਾਂ ਨੇ ਥਾਵਰ ਨਾਮਕ ਗੁਫਾ ਵਿੱਚ ਸ਼ਰਨ ਲਈ।
ਜਦੋਂ ਮੱਕਾ ਵਾਸੀਆਂ ਨੂੰ ਪੈਗੰਬਰ ਦੇ ਰੁਖਸਤ ਹੋਣ ਬਾਰੇ ਪਤਾ ਲੱਗਾ ਤਾਂ ਉਹ ਗੁੱਸੇ ਨਾਲ ਪਾਗਲ ਹੋ ਗਏ। ਉਨ੍ਹਾਂ ਨੇ ਪੈਗੰਬਰ ਮੁਹੰਮਦ ਦੇ ਥਾਂ-ਟਿਕਾਣੇ ਦੀ ਸੂਚਨਾ ਦੇਣ ਵਾਲੇ ਨੂੰ ਸੌ ਊਠ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਅਤੇ ਕਈ ਘੋੜਸਵਾਰ ਤੁਰੰਤ ਮਾਰੂਥਲ ਵੱਲ ਭੇਜ ਦਿੱਤੇ। ਉਨ੍ਹਾਂ ਘੌੜਸਵਾਰਾਂ ਵਿੱਚੋਂ ਕੁਝ ਤਾਂ ਥਾਵਰ ਦੀ ਗੁਫਾ ਦੇ ਬਿਲਕੁਲ ਸਾਹਮਣੇ ਪਹੁੰਚਣ ਵਿੱਚ ਕਾਮਯਾਬ ਹੋ ਗਏ। ਅਬੂ ਬਕਰ ਨੂੰ ਡਰ ਸੀ ਕਿ ਕਿਤੇ ਉਹ ਪੈਗੰਬਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ। ਪਰ ਪੈਗੰਬਰ ਨੇ ਆਪ ਉਸਨੂੰ ਭਰੋਸਾ ਦਵਾਉਂਦਿਆਂ ਕਿਹਾ:
“ਡਰ ਨਾ। ਇਸ ਗੁਫਾ ਵਿੱਚ ਸਿਰਫ਼ ਅਸੀਂ ਦੋ ਨਹੀਂ ਹਾਂ। ਇੱਕ ਤੀਜਾ ‘ਪਰਮਾਤਮਾ’ ਵੀ ਹੈ।”
ਪੈਗੰਬਰ ਅਤੇ ਅਬੂ ਬਕਰ ਤਿੰਨ ਦਿਨ ਤੇ ਤਿੰਨ ਰਾਤਾਂ ਇਸ ਗੁਫਾ ਵਿੱਚ ਲੁਕੇ ਰਹੇ। ਚੌਥੇ ਦਿਨ ਉਹ ਬਾਹਰ ਆਏ ਅਤੇ ਸਫ਼ਰ ਮੁੜ ਆਰੰਭ ਕੀਤਾ। ਇਸ ਖ਼ਤਰਨਾਕ ਸਫ਼ਰ ਲਈ ਉਨ੍ਹਾਂ ਦਾ ਮਾਰਗਦਰਸ਼ਕ ਅਬਦੁੱਲਾ ਇਬਨ ਅਲ ਉਰੈਕੀਤ ਸੀ, ਜੋ ਕਿ ਇੱਕ ਗੈਰ ਮੁਸਲਮਾਨ ਸੀ ਅਤੇ ਅਬੂ ਬਕਰ ਦਾ ਦੋਸਤ ਸੀ।
ਮਨੁੱਖਤਾ ਲਈ ਪਿਆਰ
ਪੈਗੰਬਰ ਨੂੰ ਸਭ ਤੋਂ ਪਹਿਲੀ ਚਿੰਤਾ ਮੱਕਾ ਤੋਂ ਆਏ ਸ਼ਰਨਾਰਥੀਆਂ ਦੀ ਸੀ। ਉਨ੍ਹਾਂ ਕੋਲ ਨਾ ਤਾਂ ਘਰ ਸੀ ਅਤੇ ਨਾ ਹੀ ਪੈਸਾ। ਉਨ੍ਹਾਂ ਵਿਚੋਂ ਬਹੁਤੇ ਮੱਕੇ ਵਿਚ ਹਰ ਪੱਖੋਂ ਪਰਿਪੱਕ ਸਨ, ਪਰ ਉਹ ਆਪਣਾ ਸਭ ਕੁਝ ਪਿੱਛੇ ਛੱਡ ਕੇ ਇਥੇ ਆਏ ਸਨ। ਇਸ ਲਈ ਪੈਗੰਬਰ ਲਈ ਸਭ ਤੋਂ ਮਹੱਤਵਪੂਰਨ ਕੰਮ ਉਨ੍ਹਾਂ ਨੂੰ ਨਵੀਂ ਥਾਂ ਵਸਾਉਣਾ ਸੀ।
ਇਸ ਸਮੱਸਿਆ ਦਾ ਹੱਲ ਇਸਲਾਮ ਵਿੱਚ ਭਾਈਚਾਰੇ ਦੇ ਸੰਕਲਪ ਵਿੱਚੋਂ ਲੱਭਿਆ ਗਿਆ। ਪੈਗੰਬਰ ਨੇ ਮੁਸਲਮਾਨਾਂ ਨੂੰ ਇਕ ਥਾਂ ਇਕੱਠਾ ਕਰਕੇ ਸੁਝਾਅ ਦਿੱਤਾ ਕਿ ਇੱਕ ਅੰਸਾਰ (ਮਦੀਨੇ ਦਾ ਮੁਸਲਮਾਨ) ਅਤੇ ਇੱਕ ਮੁਹਾਜਿਰ (ਮੱਕੇ ਦਾ ਮੁਸਲਮਾਨ) ਦੋ ਭਰਾਵਾਂ ਵਾਂਗ ਇੱਕਠੇ ਹੋ ਕੇ ਰਹਿਣ ਲੱਗ ਜਾਣ ਤਾਂ ਸਮਸਿਆ ਦਾ ਸਮਾਧਾਨ ਹੋ ਸਕਦਾ ਹੈ। ਮਦੀਨਾ ਦੇ ਮੁਸਲਮਾਨਾਂ ਨੇ ਪੈਗੰਬਰ ਦੇ ਸੁਝਾਅ ਨੂੰ ਤੁਰੰਤ ਸਵੀਕਾਰ ਕਰ ਲਿਆ। ਹਰ ਅੰਸਾਰ ਨੇ ਇੱਕ ਮੱਕੇ ਦੇ ਮੁਸਲਮਾਨ ਨੂੰ ਆਪਣਾ ਭਰਾ ਬਣਾ ਲਿਆ। ਦੋਹਾਂ ਦਾ ਇਹ ਰਿਸ਼ਤਾ ਖੂਨ ਦੇ ਰਿਸ਼ਤੇ ਨਾਲੋਂ ਵੀ ਮਜ਼ਬੂਤ ਹੋ ਗਿਆ। ਅੰਸਾਰ ਨੇ ਆਪਣੇ ਮੱਕੇ ਦੇ ਭਰਾ ਨੂੰ ਘਰ, ਜ਼ਮੀਨ, ਪੈਸਾ ਅਤੇ ਹੋਰ ਸਮਾਨ ਦਾ ਅੱਧਾ ਹਿੱਸਾ ਦਿੱਤਾ।
ਪੈਗੰਬਰ ਨੇ ਮਦੀਨਾ ਵਿਚ ਵਸਣ ਉਪਰੰਤ ਆਪਣਾ ਪਹਿਲਾ ਉਪਦੇਸ਼ ਜੁਮੂਆ ਦੀ ਮਸਜਿਦ ਵਿਖੇ ਪਹਿਲੇ ਸ਼ੁੱਕਰਵਾਰ ਨੂੰ ਦਿੱਤਾ ਜਦੋਂ ਉਹ ਕਿਊਬਾ ਤੋਂ ਮਦੀਨਾਹ ਦੀ ਯਾਤਰਾ ਕਰ ਰਿਹਾ ਸੀ। ਉਸ ਨੇ ਕਿਹਾ:
- ਸਰਬਸ਼ਕਤੀਮਾਨ ਪਰਮਾਤਮਾ ਦੀ ਪੂਜਾ ਕਰੋ।
- ਤੁਹਾਨੂੰ ਆਪਣੇ ਜੀਵਨ ਵਿੱਚ ਸੱਚਾ ਹੋਣਾ ਚਾਹੀਦਾ ਹੈ।
- ਆਪਣੇ ਸਮਾਜ ਵਿੱਚ ਹਰ ਕਿਸੇ ਨੂੰ ਪਿਆਰ ਕਰੋ।
- ਤੁਹਾਡੇ ਦੁਆਰਾ ਕੀਤੇ ਗਏ ਵਾਅਦਿਆਂ ਅਤੇ ਸੰਕਲਪਾਂ ਨੂੰ ਪੂਰਾ ਕਰੋ।
- ਆਪਣੇ ਜੀਵਨ ਵਿੱਚ ਹਲਾਲ ਅਤੇ ਹਰਾਮ ਵਿੱਚ ਫਰਕ ਕਰੋ।
- ਦੂਜਿਆਂ ਨਾਲ ਚੰਗਾ ਵਿਵਹਾਰ ਕਰੋ।
ਮੱਕਾ ਵਾਸੀਆਂ ਵਲੋਂ ਤਸੀਹੇ ਮਿਲਣ ਅਤੇ ਹਿਜਰਤ ਕਰਨ ਲਈ ਮਜ਼ਬੂਰ ਕੀਤੇ ਜਾਣ ਤੋਂ ਬਾਅਦ ਵੀ ਪੈਗੰਬਰ ਨੇ ਕਿਸੇ ਕਿਸਮ ਦੇ ਬਦਲੇ ਦਾ ਜ਼ਿਕਰ ਨਹੀਂ ਕੀਤਾ, ਸਗੋਂ ਮਦੀਨਾ ਦੇ ਲੋਕਾਂ ਵਿੱਚ ਪਿਆਰ, ਸ਼ਾਂਤੀ ਅਤੇ ਮਨੁੱਖਤਾ ਫੈਲਾਉਣ ਦੀ ਗੱਲ ਕੀਤੀ।
ਪੈਗੰਬਰ ਦੀ ਮਸਜਿਦ
ਪੈਗੰਬਰ ਲਈ ਅਗਲਾ ਸਭ ਤੋਂ ਮਹੱਤਵਪੂਰਨ ਕੰਮ ਇੱਕ ਮਸਜਿਦ ਬਣਾਉਣਾ ਸੀ। ਜੋ ਕਿ ਉਸਨੇ ਦੋ ਅਨਾਥਾਂ ਤੋਂ ਖਰੀਦੀ ਹੋਈ ਜ਼ਮੀਨ ’ਤੇ ਬਣਾਈ। ਇਸ ਦੀਆਂ ਕੰਧਾਂ ਕੱਚੀਆਂ ਅਤੇ ਛੱਤ ਖਜੂਰ ਦੇ ਪੱਤਿਆਂ ਦੀ ਸੀ। ਪੈਗੰਬਰ ਨੇ ਖੁਦ ਹੇਠ ਲਿਖੀਆਂ ਆਇਤਾਂ ਦਾ ਪਾਠ ਕਰਦੇ ਹੋਏ ਇੱਟਾਂ ਅਤੇ ਪੱਥਰ ਚੁੱਕ ਕੇ ਮਸਜਿਦ ਦੀ ਉਸਾਰੀ ਵਿੱਚ ਯੋਗਦਾਨ ਪਾਇਆ:
“ਹੇ ਰੱਬਾ! ਪਰਲੋਕ ਤੋਂ ਇਲਾਵਾ ਖੁਸ਼ੀ ਹੋਰ ਕਿਤੇ ਨਹੀਂ ਹੈ, ਮੈਂ ਤੁਹਾਨੂੰ ਪ੍ਰਵਾਸੀਆਂ ਅਤੇ ਮਦਦਗਾਰਾਂ ’ਤੇ ਮਿਹਰ ਬਣਾਈ ਰੱਖਣ ਲਈ ਬੇਨਤੀ ਕਰਦਾ ਹਾਂ।
ਕਿਬਲਾ (ਜਿਸ ਦਿਸ਼ਾ ਵਿਚ ਮੁਸਲਮਾਨ ਨਮਾਜ਼ ਮੌਕੇ ਮੂੰਹ ਰੱਖਦੇ ਹਨ) ਜੇਰੂਸਲਮ ਦੇ ਬਿਲਕੁਲ ਸਾਹਮਣੇ ਬਣਾਇਆ ਗਿਆ ਸੀ। ਇਸ ਨੂੰ ਬਾਅਦ ਵਿੱਚ ਇਲਾਹੀ ਹੁਕਮ ਅਨੁਸਾਰ ਮੱਕਾ (ਕਾਬਾ ਦੇ ਘਰ) ਵਿੱਚ ਬਦਲ ਦਿੱਤਾ ਗਿਆ ਸੀ।
ਪੈਗੰਬਰ ਦੇ ਪਰਿਵਾਰ ਲਈ ਮਸਜਿਦ ਦੇ ਬਿਲਕੁਲ ਨਾਲ ਝੌਂਪੜੀਆਂ ਬਣਾਈਆਂ ਗਈਆਂ। ਮਸਜਿਦ ਸਿਰਫ਼ ਨਮਾਜ਼ ਅਦਾ ਕਰਨ ਦੀ ਥਾਂ ਹੀ ਨਹੀਂ ਸੀ, ਸਗੋਂ ਇਹ ਪ੍ਰਸ਼ਾਸਨਿਕ ਹੈੱਡਕੁਆਰਟਰ ਵੀ ਸੀ ਜਿੱਥੇ ਸਲਾਹ-ਮਸ਼ਵਰੇ ਹੁੰਦੇ ਸਨ ਅਤੇ ਮਹੱਤਵਪੂਰਨ ਫ਼ੈਸਲੇ ਲਏ ਜਾਂਦੇ ਸਨ।
ਮਸਜਿਦ ਦੇ ਇੱਕ ਕੋਨੇ ਵਿੱਚ ਫੁਸ (ਸੁੱਕਾ ਘਾਹ) ਦੀ ਛੱਤ ਵਾਲਾ ਚਬੂਤਰਾ ਬਣਾਇਆ ਗਿਆ ਸੀ। ਇੱਥੇ ਉਹ ਗਰੀਬ ਲੋਕ ਰਹਿੰਦੇ ਸਨ ਜਿਨ੍ਹਾਂ ਦਾ ਆਪਣਾ ਕੋਈ ਘਰ-ਪਰਿਵਾਰ ਨਹੀਂ ਸੀ। ਉਹ ਆਪਣਾ ਸਮਾਂ ਪੂਜਾ-ਪਾਠ ਵਿਚ ਬਿਤਾਉਂਦੇ ਸਨ। ਇਨ੍ਹਾਂ ਦੇ ਭੋਜਨ ਦਾ ਪ੍ਰਬੰਧ ਉਨ੍ਹਾਂ ਮੁਸਲਮਾਨਾਂ ਦੁਆਰਾ ਕੀਤਾ ਜਾਂਦਾ ਸੀ ਜੋ ਆਰਥਿਕ ਤੌਰ ’ਤੇ ਅਜਿਹਾ ਕਰਨ ਦੀ ਸਮਰੱਥਾ ਰੱਖਦੇ ਸਨ। ਗਰੀਬ ਲੋਕ ਕਦੇ-ਕਦੇ ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਅਤੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚ ਕੇ ਵੀ ਆਪਣਾ ਗੁਜ਼ਾਰਾ ਕਰਦੇ ਸਨ। ਇਹ ਲੋਕ ‘ਅਸਾਹਬ ਉਸ-ਸੂਫ਼ਾ’ (ਬੈਂਚ ਦੇ ਲੋਕ) ਵਜੋਂ ਜਾਣੇ ਜਾਂਦੇ ਸਨ। ‘ਅਸਾਹਬ ਉਸ-ਸੂਫ਼ਾ’ ਦੀ ਗਿਣਤੀ ਵੱਖ-ਵੱਖ ਦੱਸੀ ਜਾਂਦੀ ਹੈ ਪਰ ਜ਼ਿਆਦਾਤਰ ਸਰੋਤਾਂ ਵਿਚ ਇਹ ਗਿਣਤੀ ਸੱਤਰ ਦੱਸੀ ਗਈ ਹੈ। ਪੈਗੰਬਰ ਦਾ ਸਿਦਕੀ ਸੇਵਾਦਾਰ ਅਤੇ ਅਸਾਹਬ ਉਸ-ਸੁਫ਼ਾ ਦਾ ਮਹੱਤਵਪੂਰਨ ਮੈਂਬਰ ਅਬੂ ਹੁਰੈਰਾ, ਹੋਰਾਂ ਨਾਲੋਂ ਵੱਧ ਹਦੀਸ (ਪੈਗੰਬਰ ਦੀ ਕਥਨੀ ਅਤੇ ਕਰਨੀ ਦੀਆਂ ਪਰੰਪਰਾਵਾਂ) ਨਾਲ ਸਬੰਧਤ ਹੈ।
ਅਬੂ ਹੁਰੈਰਾ ਨੇ ਖੁਦ ਦੱਸਿਆ ਕਿ ਇਹ ਕਿਵੇਂ ਸੰਭਵ ਹੋਇਆ। ਉਹ ਕਹਿੰਦਾ ਕਿ ਮੁਹਾਜਿਰ ਵਪਾਰੀ ਸਨ ਜਿਨ੍ਹਾਂ ਦੇ ਕਿੱਤੇ ਨੇ ਉਨ੍ਹਾਂ ਨੂੰ ਖਰੀਦ-ਫਰੋਖ਼ਤ ਵਿਚ ਮਸਰੂਫ਼ ਰੱਖਿਆ ਸੀ। ਅੰਸਾਰਾਂ ਕੋਲ ਖਜੂਰ ਦੇ ਬਾਗ ਸਨ ਤੇ ਉਹ ਉਨ੍ਹਾਂ ਦੀ ਦੇਖ-ਭਾਲ ਵਿਚ ਵਿਅਸਤ ਸਨ। ਇਕ ਮੈਂ ਸੀ ਜਿਸ ਕੋਲ ਇਹਨਾਂ ਵਿੱਚੋਂ ਕੋਈ ਵੀ ਵਿਵਸਥਾ ਤੇ ਚਿੰਤਾ ਨਹੀਂ ਸੀ। ਸਭ ਦੇ ਵਿਅਸਤ ਅਤੇ ਪੈਗੰਬਰ ਦੇ ਇਕੱਲੇ ਹੋਣ ਕਰਕੇ ਇਕ ਵਾਰ ਮੈਂ ਪੈਗੰਬਰ ਨੂੰ ਆਪਣੀ ਭੁੱਲਣ ਦੀ ਆਦਤ ਦਾ ਜ਼ਿਕਰ ਕੀਤਾ। ਪੈਗੰਬਰ ਮੁਹੰਮਦ ਨੇ ਮੈਨੂੰ ਆਪਣੀ ਝੋਲੀ ਅੱਡਣ ਲਈ ਕਿਹਾ, ਫਿਰ ਕੁਝ ਦੁਆਵਾਂ ਪੜ੍ਹੀਆਂ ਤੇ ਝੋਲੀ ਕੱਠੀ ਕਰਕੇ ਆਪਣੀ ਛਾਤੀ ਨਾਲ ਲਾਉਣ ਦਾ ਹੁਕਮ ਕੀਤਾ। ਉਸ ਦਿਨ ਤੋਂ ਬਾਅਦ ਮੈਂ ਕਦੇ ਵੀ ਕੁਝ ਨਹੀਂ ਭੁੱਲਿਆ।
ਮੱਕਾ- ਇਕ ਵਿਰੋਧੀ ਧਿਰ
ਪੈਗੰਬਰ ਸ਼ਾਂਤੀ ਅਤੇ ਸਾਂਝ-ਪਿਆਰ ਦਾ ਧਾਰਣੀ ਪੁਰਖ ਸੀ। ਉਸ ਨੇ ਆਪਣੇ ਸਹਿਯੋਗੀਆਂ ਨੂੰ ਪ੍ਰਮਾਤਮਾ ਤੋਂ ਸੁੱਖ-ਸ਼ਾਂਤੀ ਲਈ ਬੇਨਤੀ ਕਰਨ ਲਈ ਕਿਹਾ। ਪੈਗੰਬਰ ਦਾ ਮੁੱਖ ਕਾਰਜ ਲੋਕਾਈ ਵਿਚ ਇਲਾਹੀ ਸੰਦੇਸ਼ ਦਾ ਸੰਚਾਰ ਕਰਨਾ ਸੀ ਅਤੇ ਇਸ ਫਰਜ਼ ਨੂੰ ਨਿਭਾਉਣ ਲਈ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਲਾਜ਼ਮੀ ਸੀ। ਪਰ ਕੁਰੈਸ਼ਾਂ ਨੇ ਉਸ ਨੂੰ ਸ਼ਾਂਤੀਪੂਰਨ ਹਾਲਤਾਂ ਵਿਚ ਇਲਾਹੀ ਕਾਰਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਜਦੋਂ ਕੁਰੈਸ਼ਾਂ ਨੇ ਦੇਖਿਆ ਕਿ ਮੁਸਲਮਾਨ ਦਿਨੋ-ਦਿਨ ਤਾਕਤਵਰ ਹੋ ਰਹੇ ਹਨ ਤਾਂ ਉਨ੍ਹਾਂ ਨੇ ਯੁੱਧ ਛੇੜ ਕੇ ਪੈਗੰਬਰ ਨੂੰ ਪੂਰੀ ਤਰ੍ਹਾਂ ਕੁਚਲਣ ਦਾ ਸੰਕਲਪ ਲਿਆ।
ਬਦਰ
ਕੁਰੈਸ਼ ਨੇ ਇੱਕ ਹਜ਼ਾਰ ਤਕੜੇ ਸਿਪਾਹੀਆਂ ਨਾਲ ਮਦੀਨੇ ਵੱਲ ਕੂਚ ਕੀਤਾ। ਉਨ੍ਹਾਂ ਨੇ ਮਦੀਨੇ ਤੋਂ ਅੱਸੀ ਮੀਲ ਦੂਰ ‘ਬਦਰ’ ਵਿਖੇ ਡੇਰਾ ਲਾਇਆ। ਇਹ ਹਿਜਰਾਹ ਤੋਂ ਦੋ ਸਾਲ ਬਾਅਦ ਰਮਜ਼ਾਨ ਦਾ ਮਹੀਨਾ ਸੀ। ਬਦਰ ਵਿਖੇ ਦੁਸ਼ਮਣ ਦੇ ਡੇਰੇ ਹੋਣ ਦੀ ਖ਼ਬਰ ਸੁਣ ਕੇ ਪੈਗੰਬਰ 313 ਮੁਸਲਮਾਨਾਂ ਦੀ ਫੌਜ ਸਹਿਤ ਮਦੀਨੇ ਤੋਂ ਬਦਰ ਵਲ ਤੁਰ ਪਿਆ। ਇਕ ਪਾਸੇ ਪੈਗਬਰ ਤੇ ਸਾਥੀ ਬਗੈਰ ਹਥਿਆਰ ਸਨ ਅਤੇ ਘੋੜੇ ਵੀ ਬਹੁਤ ਘੱਟ ਹੀ ਸਨ। ਦੂਜੇ ਪਾਸੇ ਮੱਕਾ ਵਾਸੀ ਹਥਿਆਰਬੰਦ ਸਨ ਅਤੇ ਉਨ੍ਹਾਂ ਕੋਲ 300 ਘੋੜੇ ਅਤੇ 700 ਊਠ ਸਨ।
ਇਹ ਯੁੱਧ ਰਮਜ਼ਾਨ ਦੇ 17ਵੇਂ ਸ਼ੁੱਕਰਵਾਰ ਨੂੰ ਆਰੰਭ ਹੋਇਆ। ਯੁੱਧ ਸਿਰਫ ਕੁਝ ਘੰਟੇ ਚੱਲਿਆ, ਜਿਸ ਦੌਰਾਨ ਪੈਗੰਬਰ ਨੇ ਦੈਵੀ ਸਹਾਇਤਾ ਲਈ ਲਗਾਤਾਰ ਪ੍ਰਾਰਥਨਾਵਾਂ ਕੀਤੀਆਂ। ਪਰਿਣਾਮਸਰੂਪ ਪਰਮੇਸ਼ਰ ਨੇ ਮਦਦ ਹਿੱਤ ਦੇਵਦੂਤ ਭੇਜੇ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਕੁਰੈਸ਼ ਦੇ ਹਜ਼ਾਰਾਂ ਸਿਪਾਹੀਆਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ।
ਉਹੂਦ
ਬਦਰ ਦੀ ਹਾਰ ਨਾਲ ਕੁਰੈਸ਼ਾਂ ਨੇ ਸਬਕ ਤਾਂ ਕੀ ਸਿੱਖਣਾ ਸੀ, ਬਲਕਿ ਉਹ ਹੋਰ ਕ੍ਰੋਧਿਤ ਹੋ ਗਏ। ਇਸ ਬੇਇੱਜ਼ਤੀ ਦੇ ਦਾਗ ਨੂੰ ਮਿਟਾਉਣ ਲਈ ਉਨ੍ਹਾਂ ਨੇ ਹੁਣ ਹੋਰ ਵੱਡੇ ਪੈਮਾਨੇ ’ਤੇ ਦੂਜੇ ਹਮਲੇ ਦੀ ਤਿਆਰੀ ਦ੍ਰਿੜ੍ਹ ਇਰਾਦੇ ਨਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ 3000 ਤੋਂ ਵੱਧ ਯੋਧਿਆਂ ਦੀ ਇੱਕ ਫੌਜ ਤਿਆਰ ਕੀਤੀ ਅਤੇ ਬਦਲੇ ਦੀ ਭਾਵਨਾ ਨਾਲ ਪਾਗਲ ਹੋ ਕੇ ਅਬੂ ਸੂਫਯਾਨ ਦੀ ਅਗਵਾਈ ਵਿੱਚ ਮਦੀਨਾ ਵੱਲ ਚੱਲ ਪਏ।
ਦੂਜੇ ਪਾਸੇ ਪੈਗੰਬਰ ਦੇ ਆਦਮੀਆਂ ਦੀ ਗਿਣਤੀ ਸਿਰਫ 700 ਸੀ। ਪਰ ਈਸ਼ਵਰ ਦਾ ਸਾਥ ਹੋਣ ਕਾਰਣ ਮੁਸਲਮਾਨਾਂ ਨੇ ਹਮਲੇ ’ਤੇ ਸਫਲਤਾਪੂਰਵਕ ਨਿਅੰਤਰਣ ਪਾ ਲਿਆ। ਕੁਰੈਸ਼ ਵੱਡੀ ਮਾਤਰਾ ਵਿੱਚ ਲੁੱਟ ਦਾ ਮਾਲ ਛੱਡ ਕੇ ਪਿੱਛੇ ਹਟਣ ਲੱਗੇ। ਮੁਸਲਮਾਨਾਂ ਲਈ ਜਿੱਤ ਬਹੁਤ ਨਜ਼ਦੀਕ ਸੀ, ਪਰ ਉਹਨਾਂ ਦੀ ਇੱਕ ਭੁੱਲ ਨੇ ਮੱਕਾ ਵਾਸੀਆਂ (ਕੁਰੈਸ਼ਾਂ) ਨੂੰ ਜਵਾਬੀ ਹਮਲਾ ਕਰਨ ਦਾ ਮੌਕਾ ਦੇ ਦਿੱਤਾ ਅਤੇ ਜਿੱਤ ਹਾਰ ਵਿੱਚ ਬਦਲ ਗਈ।
ਕੁਰੈਸ਼ ਦੇ 14 ਆਦਮੀ ਮਾਰੇ ਗਏ ਜਦਕਿ ਮੁਸਲਮਾਨਾਂ ਦੇ 70। ਮਰਨ ਵਾਲਿਆਂ ਵਿੱਚ ਪੈਗੰਬਰ ਦੇ ਚਾਚਾ ‘ਹਮਜ਼ਾਹ’ ਵੀ ਸ਼ਾਮਲ ਸਨ। ਪੈਗੰਬਰ ਇਸ ਬਹਾਦਰ ਆਤਮਾ ਦੇ ਵਿਛੜਨ ’ਤੇ ਅਤਿ ਦੁਖੀ ਹੋਏ। ਡੂੰਘੇ ਦੁੱਖ ਸਹਿਤ ਸ਼ਹੀਦਾਂ ਨੂੰ ਦਫ਼ਨਾਇਆ ਗਿਆ ਅਤੇ ਮੁਸਲਮਾਨ ਮਦੀਨੇ ਵਾਪਸ ਆ ਗਏ।
ਖਾਈ
ਦੁਸ਼ਮਣਾਂ ਅਤੇ ਪਾਖੰਡੀਆਂ ਨੇ ਇਸਲਾਮ ਦੇ ਸਾਰੇ ਵਿਰੋਧੀਆਂ ਨੂੰ ਇਕੱਠਾ ਕਰਨ ਲਈ ਸਾਜ਼ਿਸ਼ ਰਚੀ। ਜਿਸ ਸਦਕਾ ਉਹਨਾਂ ਨੇ 10,000 ਦੀ ਤਾਕਤਵਰ ਫ਼ੌਜ ਇਕੱਠੀ ਕਰਕੇ ਮਦੀਨੇ ਵੱਲ ਕੂਚ ਕੀਤਾ। ਦੂਜੇ ਪਾਸੇ ਮੁਸਲਮਾਨਾਂ ਦੀ ਗਿਣਤੀ ਸਿਰਫ਼ 3,000 ਸੀ। ਪਰ ਇਹਨਾਂ ਨੇ ਮੱਕੇ ਦੇ ਘੋੜਸਵਾਰਾਂ ਨੂੰ ਖਾਈ ਲਾਗੇ ਹੀ ਰੋਕ ਲਿਆ। ਹਾਲਾਂਕਿ, ਵਿਰੋਧੀਆਂ ਕੋਲ ਲੋੜੀਂਦੇ ਪ੍ਰਬੰਧ ਅਤੇ ਵਸਤੂਆਂ ਸਨ ਇਸਲਈ ਉਹਨਾਂ ਨੇ ਸ਼ਹਿਰ ਨੂੰ ਘੇਰਾ ਪਾਉਣ ਦਾ ਫੈਸਲਾ ਕੀਤਾ।
ਘੇਰਾਬੰਦੀ ਦੇ 27ਵੇਂ ਦਿਨ ਮਦੀਨੇ ਵਿਖੇ ਇੱਕ ਭਿਆਨਕ ਤੂਫ਼ਾਨ ਆ ਗਿਆ। ਤਿੰਨ ਦਿਨ ਅਤੇ ਰਾਤਾਂ ਤੱਕ ਤੂਫਾਨ ਲਗਾਤਾਰ ਜਾਰੀ ਰਿਹਾ, ਜਿਸ ਦੇ ਨਾਲ ਭਾਰੀ ਮੀਂਹ ਵੀ ਪੈਂਦਾ ਰਿਹਾ।
ਮੀਂਹ-ਹਨੇਰੀ ਕਾਰਨ ਸਾਰੇ ਟੈਂਟ ਉੱਡ ਗਏ ਅਤੇ ਭਾਰੀ ਨੁਕਸਾਨ ਹੋ ਗਿਆ। ਫ਼ੌਜ ਵਿਚ ਹੁਣ ਹੌਲੀ-ਹੌਲੀ ਸਬਰ ਘੱਟ ਤੇ ਮਤਭੇਦ ਵੱਧ ਰਿਹਾ ਸੀ। ਨਿਰਾਸ਼ ਹੋਏ ਕੁਰੈਸ਼ਾਂ ਨੇ ਘੇਰਾਬੰਦੀ ਛੱਡ ਦਿੱਤੀ।