ਇਲਹਾਮ ਦਾ ਆਰੰਭ
ਸਮਾਂ ਬੀਤਣ ਦੇ ਨਾਲ ਮੁਹੰਮਦ ਸਾਹਿਬ ਦੀ ਵਪਾਰ ਵਿੱਚ ਦਿਲਚਸਪੀ ਘੱਟਦੀ ਚਲੀ ਗਈ ਅਤੇ ਆਪਣਾ ਵੱਧ ਤੋਂ ਵੱਧ ਸਮਾਂ ਵਿਚਾਰ ਤੇ ਧਿਆਨ ਦੁਆਰਾ ਸੱਚ ਦੀ ਖੋਜ ਲਈ ਸਮਰਪਿਤ ਕੀਤਾ। ਉਹ ਅਕਸਰ ਮੱਕੇ ਤੋਂ ਤਿੰਨ ਮੀਲ ਦੂਰ ਸਥਿਤ ਹੀਰਾ ਪਰਬਤ ’ਤੇ ਜਾਂਦੇ ਅਤੇ ਉਥੇ ਬਣੀ ਇਕ ਗੁਫਾ ਵਿੱਚ ਘੰਟਿਆਂ ਬੱਧੀ ਸੋਚਾਂ ਵਿੱਚ ਲੀਨ ਰਹਿੰਦੇ। ਉਹ ਜੀਵਨ ਦੇ ਰਹੱਸਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਦੇ। ਜਿਵੇਂ ਜੀਵਨ ਵਿੱਚ ਮਨੁੱਖ ਦੀ ਅਸਲ ਭੂਮਿਕਾ ਕੀ ਹੈ? ਪ੍ਰਭੂ ਆਪਣੇ ਸੇਵਕਾਂ ਵਜੋਂ ਸਾਡੇ ਤੋਂ ਕੀ ਲੋਚਦਾ ਹੈ? ਮਨੁੱਖ ਕਿੱਥੋਂ ਆਇਆ ਹੈ ਅਤੇ ਮੌਤ ਉਪਰੰਤ ਕਿੱਥੇ ਜਾਵੇਗਾ? ਮੁਹੰਮਦ ਸਾਹਿਬ ਦੇ ਜੀਵਨ ਦੇ ਇਸ ਪੜਾਅ ਦਾ ਜ਼ਿਕਰ ਕੁਰਾਨ ਵਿੱਚ ਇਸ ਆਇਤ ਵਿੱਚ ਕੀਤਾ ਗਿਆ ਹੈ।
“ਕੀ ਉਸਨੇ ਤੁਹਾਨੂੰ ਭਟਕਦੇ ਹੋਏ ਨੂੰ ਰਾਹੇ ਨਹੀਂ ਪਾਇਆ?” (ਅਲ-ਦੁਹਾ, 93:7)।
40 ਸਾਲ ਦੀ ਉਮਰ ਵਿੱਚ ਪ੍ਰਭੂ ਦਾ ਦੂਤ ਪ੍ਰਮਾਤਮਾ ਵੱਲੋਂ ਪਹਿਲਾ ਸੰਦੇਸ਼ ਲੈ ਕੇ ਉਸ ਦੇ ਸਾਹਮਣੇ ਪ੍ਰਗਟ ਹੋਇਆ। ਦੂਤ ਨੇ ਉਸਨੂੰ ਕਿਹਾ, “ਪੜ੍ਹੋ।”
ਪੈਗੰਬਰ ਨੇ ਜਵਾਬ ਦਿੱਤਾ, “ਮੈਂ ਨਹੀਂ ਜਾਣਦਾ ਕਿ ਕਿਵੇਂ ਪੜ੍ਹਨਾ ਹੈ।”
ਇੰਨਾਂ ਕਹਿਣ ਉਪਰੰਤ ਮੁਹੰਮਦ ਸਾਹਿਬ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਸਰੀਰ ਸਖ਼ਤ ਢੰਗ ਨਾਲ ਜਕੜਿਆ ਜਾ ਰਿਹਾ ਹੈ। ਫਿਰ ਦੂਤ ਨੇ ਜਕੜ ਹਲਕੀ ਕਰਦਿਆਂ ਦੁਬਾਰਾ “ਸੰਦੇਸ਼ ਪੜ੍ਹਨ” ਦਾ ਹੁਕਮ ਦਿੱਤਾ। ਪਰ ਮੁਹੰਮਦ ਸਾਹਿਬ ਨੇ ਆਪਣਾ ਪੁਰਾਣਾ ਜਵਾਬ ਮੁੜ ਦੁਹਰਾਇਆ ਕਿ “ਮੈਂ ਪੜ੍ਹਨਾ ਨਹੀਂ ਜਾਣਦਾ।” ਇਹ ਸੁਣ ਦੂਤ ਨੇ ਉਹਨਾਂ ਨੂੰ ਦੁਬਾਰਾ ਜਕੜ ਲਿਆ। ਤੀਜੀ ਵਾਰ ਫਿਰ ਦੂਤ ਨੇ ਜਕੜ ਹਲਕੀ ਕਰਦਿਆਂ ਕਿਹਾ “ਪੜ੍ਹੋ!”
ਫਿਰ ਦੂਤ ਜਿਿਬ੍ਰਲ ਨੇ ਅਧਿਆਇ ਅਲ-ਅਲਕ ਬਾਰੇ ਖੁਲਾਸਾ ਕਰਦਿਆਂ ਕਿਹਾ:
“ਪੜ੍ਹੋ! ਆਪਣੇ ਸੁਆਮੀ ਦੇ ਨਾਮ ’ਤੇ, ਜਿਸ ਨੇ ਖੂਨ ਦੇ ਕਤਰੇ ਤੋਂ ਮਨੁੱਖ ਦੀ ਰਚਨਾ ਕੀਤੀ; ਪੜ੍ਹੋ! ਤੁਹਾਡਾ ਸੁਆਮੀ ਸਭ ਤੋਂ ਮਿਹਰਬਾਨ ਹੈ ਜਿਸ ਨੇ ਕਲਮ ਦੇ ਜ਼ਰੀਏ ਮਨੁੱਖ ਨੂੰ ਉਹ ਗਿਆਨ ਦਿੱਤਾ ਜਿਸ ਤੋਂ ਮਨੁੱਖ ਬਿਲਕੁਲ ਅਨਜਾਣ ਸੀ।” (ਅਲ-ਅਲਕ, 96:1-5)
ਮੁਹੰਮਦ ਸਾਹਿਬ ਨਾਲ ਗੁਫਾ ਵਿੱਚ ਜੋ ਕੁਝ ਵਾਪਰਿਆ ਉਹ ਸਭ ਦੇਖ-ਸੁਣ ਕੇ ਉਹ ਭੈਅ ਨਾਲ ਕੰਬ ਗਏ। ਜਿਿਬ੍ਰਲ ਦੁਆਰਾ ਕੀਤਾ ਇਹ ਖੁਲਾਸਾ ਉਹਨਾਂ ਲਈ ਬਿਲਕੁਲ ਨਵਾਂ ਅਨੁਭਵ ਸੀ। ਜਿਿਬ੍ਰਲ ਦੇ ਅਲੋਪ ਹੋਣ ਤੋਂ ਤੁਰੰਤ ਬਾਅਦ, ਮੁਹੰਮਦ ਘਰ ਨੂੰ ਰਵਾਨਾ ਹੋ ਗਏ। ਘਰ ਪਹੁੰਚਦੇ ਹੀ ਪੈਗੰਬਰ ਨੇ ਖਦੀਜਾਹ ਨੂੰ ਕੰਬਲ ਵਿੱਚ ਲਪੇਟਣ ਲਈ ਕਿਹਾ। ਉਹ ਤੇਜ਼ ਬੁਖਾਰ ਨਾਲ ਕੰਬ ਰਹੇ ਸੀ। ਕੁਝ ਚਿਰ ਉਪਰੰਤ ਜਦੋਂ ਮੁਹੰਮਦ ਸ਼ਾਂਤ ਅਵਸਥਾ ਵਿਚ ਆਏ ਤਾਂ ਉਹਨਾਂ ਨੇ ਸਾਰੀ ਘਟਨਾ ਖਸੀਜਾਹ ਨੂੰ ਬਿਆਨ ਕੀਤੀ। ਖਦੀਜਾਹ ਬਹੁਤ ਦਿਆਲੂ ਅਤੇ ਸਮਝਦਾਰ ਔਰਤ ਸੀ, ਉਸਨੇ ਮੁਹੰਮਦ ਨੂੰ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਜਦੋਂ ਮੁਹੰਮਦ ਸਾਹਿਬ ਮੁੜ ਸੁਰਤ ’ਚ ਆਏ ਤਾਂ ਖਦੀਜਾਹ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਚਚੇਰੇ ਭਰਾ ਵਾਰਕਾ ਇਬਨ ਨਫਲ (ਜੋ ਕਿ ਇੱਕ ਈਸਾਈ ਸਾਧੂ ਸੀ) ਨਾਲ ਸਲਾਹ ਕਰਨੀ ਚਾਹੀਦੀ ਹੈ।
ਵਾਰਕਾ ਨੇ ਮੁਹੰਮਦ ਸਾਹਿਬ ਤੋਂ ਸਾਰਾ ਬਿਰਤਾਂਤ ਸੁਣਿਆ ਅਤੇ ਕਿਹਾ:
“ਮੈਨੂੰ ਯਕੀਨ ਹੈ ਕਿ ਉਹ ਦੂਤ ਜੋ ਮੂਸਾ ’ਤੇ ਉਤਰਿਆ ਸੀ ਉਹੀ ਤੁਹਾਡੇ ’ਤੇ ਉਤਰਿਆ ਹੈ। ਤਹਾਨੂੰ ਵੀ ਹੁਣ ਔਂਕੜਾਂ ਦਾ ਸਾਹਮਣਾ ਕਰਕੇ ਔਖੇ ਰਾਹਵਾਂ ਨੂੰ ਪਾਰ ਲੰਘਣਾ ਪਵੇਗਾ। ਮੇਰੀ ਦੁਆ ਹੈ ਕਿ ਮੈਂ ਤੁਹਾਡਾ ਸਾਥ ਦੇਣ ਲਈ ਉਸ ਸਮੇਂ ਤਕ ਜ਼ਿੰਦਾ ਰਹਿ ਸਕਾਂ ਜਦੋਂ ਤੁਹਾਡੇ ਆਪਣੇ ਲੋਕ ਤੁਹਾਡਾ ਸਾਥ ਛੱਡ ਜਾਣਗੇ।
“ਕੀ ਉਹ ਮੇਰਾ ਸਾਥ ਛੱਡ ਦੇਣਗੇ?” ਪੈਗੰਬਰ ਨੂੰ ਇਸ ਗੱਲ ’ਤੇ ਵਿਸ਼ਵਾਸ ਕਰਨਾ ਔਖਾ ਲੱਗਿਆ। ਵਾਰਕਾ ਨੇ ਜਵਾਬ ਦਿੱਤਾ ਕਿ “ਲੋਕ ਅਕਸਰ ਉਨ੍ਹਾਂ ਦੇ ਖਿਲਾਫ ਹੋ ਜਾਂਦੇ ਹਨ ਜਿਹਨਾਂ ਨੂੰ ਇਲਹਾਮ ਹੁੰਦਾ ਹੈ।”
ਕੁਰਾਨ—ਪ੍ਰਮਾਤਮਾ ਦੇ ਬਚਨ
ਪੈਗੰਬਰ ਮੁਹੰਮਦ ਨੇ ਆਪਣੇ ਜੀਵਨ ਕਾਲ ਵਿੱਚ ਅਜਿਹੇ ਬਹੁਤ ਸਾਰੇ ਲੋਕਾਂ ਦਾ ਸਾਹਮਣਾ ਕੀਤਾ ਜੋ ਉਹਨਾਂ ਦੀਆਂ ਅਧਿਆਤਮਕ ਵਿਚਾਰਾਂ ’ਤੇ ਵਿਸ਼ਵਾਸ ਨਹੀਂ ਸਨ ਕਰਦੇ। ਇਨ੍ਹਾਂ ਅਵਿਸ਼ਵਾਸੀ ਲੋਕਾਂ ਨੇ ਮੁਹੰਮਦ ਸਾਹਿਬ ਨੂੰ ਇੱਕ ਚਮਤਕਾਰ ਦਿਖਾਉਣ ਦੀ ਚੁਣੌਤੀ ਦਿੱਤੀ ਜਿਵੇਂ ਕਿ ਯਿਸੂ ਨੇ ਇਹ ਸਾਬਤ ਕਰਨ ਲਈ ਚਮਤਕਾਰ ਦਿਖਾਇਆ ਸੀ ਕਿ ਉਹ ਸੱਚਮੁੱਚ ਪ੍ਰਮਾਤਮਾ ਦਾ ਭੇਜਿਆ ਦੂਤ ਹੀ ਹੈ। ਪਰ ਮੁਹੰਮਦ ਸਾਹਿਬ ਨੇ ਚਮਤਕਾਰ ਦਿਖਾਉਣ ਤੋਂ ਸਾਫ਼ ਇਨਕਾਰ ਕਰਦਿਆਂ ਹੋਇਆਂ ਜਵਾਬ ਦਿੱਤਾ ਕਿ ਇੰਝ ਕਰਨਾ ਵਿਅਰਥ ਹੈ ਕਿਉਂਕਿ ਕੁਰਾਨ ਆਪਣੇ ਆਪ ਵਿਚ ਸਰਵਉੱਚ ਚਮਤਕਾਰ ਹੈ। ਜੇ ਕਿਸੇ ਨੂੰ ਇਸ ’ਤੇ ਸ਼ੱਕ ਹੈ, ਤਾਂ ਉਸਨੂੰ ਅਜਿਹੇ ਦਸ ਸੁਰਹ (ਅਧਿਆਇ) ਲਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸਦੀ ਤੁਲਨਾ ਕੁਰਾਨ ਨਾਲ ਕੀਤੀ ਜਾ ਸਕੇ।
“ਜੇ ਤੁਸੀਂ ਸੱਚੇ ਹੋ, ਤਾਂ ਇਸ ਤਰ੍ਹਾਂ ਦੇ ਦਸ ਨਵੀਨ ਅਧਿਆਇ ਤਿਆਰ ਕਰੋ ਅਤੇ ਪ੍ਰਮਾਤਮਾ ਤੋਂ ਇਲਾਵਾ ਕਿਸੇ ਅਜਿਹੇ ਇਨਸਾਨ ਨੂੰ ਬੁਲਾਓ ਜੋ ਤੁਹਾਡੀ ਮਦਦ ਕਰ ਸਕੇ।” (ਹੁਦ, 11:13)।
ਪੂਰਵ-ਇਸਲਾਮਿਕ ਯੁੱਗ ਵਿੱਚ ਅਰਬਾਂ ਨੇ ਕਵਿਤਾ ਵਿੱਚ ਮਹਾਰਥ ਹਾਸਿਲ ਕੀਤੀ ਅਤੇ ਕੁਰਾਨ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਅਜਿਹਾ ਕਰਨ ਵਿੱਚ ਅਸਮਰੱਥ ਰਹੇ। ਕੁਰਾਨ ਦਾ ਬੇਮਿਸਾਲ ਸਾਹਿਤਕ ਗੁਣ ਇਸ ਗੱਲ ਦਾ ਸਬੂਤ ਹੈ ਕਿ ਇਹ ਕੋਈ ਆਮ ਰਚਨਾ ਨਹੀਂ ਸਗੋਂ ਇਲਹਾਮ ਹੋਏ ਸ਼ਬਦ ਸਨ।
ਉਸਨੇ ਇਹ ਵੀ ਦੱਸਿਆ ਕਿ ਕੁਦਰਤ ਦੀ ਸੁੰਦਰਤਾ, ਜੀਵਨ ਦੇਣ ਵਾਲੇ ਪਾਣੀ, ਫਸਲਾਂ ਦੀ ਪੈਦਾਵਾਰ ਅਤੇ ਵਿਕਾਸ ਦੇ ਚਮਤਕਾਰ ਵਿੱਚ ਪ੍ਰਮਾਤਮਾ ਦੇ ਪ੍ਰਤੱਖ ਸੰਕੇਤ ਮੌਜੂਦ ਹੈ। ਅਸਲ ਵਿੱਚ ਸਾਰਾ ਬ੍ਰਹਿਮੰਡ ਹੀ ਉਸਦੇ ਸਿਰਜਣਹਾਰ ਅਤੇ ਪਾਲਣਹਾਰ ਹੋਣ ਦੀ ਗਵਾਹੀ ਭਰਦਾ ਹੈ।
ਇੱਥੇ ਦੋ ਮੁੱਖ ਤਰੀਕੇ ਸਨ ਜਿਨ੍ਹਾਂ ਰਾਹੀਂ ਕੁਰਾਨ ਪੈਗੰਬਰ ਮੁਹੰਮਦ ਸਾਹਿਬ ਨੂੰ ਉਤਰਦੀ ਸੀ। ਕਈ ਵਾਰ ਦੂਤ ਜਿਿਬ੍ਰਲ ਕੁਰਾਨ ਦੀਆਂ ਆਇਤਾਂ ਨੂੰ ਇੱਕ ਮਨੁੱਖ ਦੇ ਰੂਪ ਵਿੱਚ ਪ੍ਰਗਟ ਕਰਦਾ ਸੀ। ਜੋ ਕਿ ਬਹੁਤ ਸੁਖਾਲਾ ਤਰੀਕਾ ਸੀ। ਪਰ ਕਈ ਵਾਰ ਆਇਤਾਂ ਉਹਨਾਂ ਦੇ ਦਿਲ ਨੂੰ ਵਿੰਨ੍ਹਣ ਵਾਲੀ ਘੰਟੀ ਵਾਂਗ ਹੁੰਦੀਆਂ ਸਨ ਜੋ ਕਿ ਦਿਲ ਨੂੰ ਪੀੜ੍ਹਾ ਨਾਲ ਭਰ ਦਿੰਦੀਆਂ ਸਨ। ਇਹ ਤਰੀਕਾ ਬਹੁਤ ਔਖਾ ਅਤੇ ਦਰਦਨਾਕ ਸੀ। ਕੁਰਾਨ ਦੀ ਆਮਦ ਹੋਣੀ ਉਦੋਂ ਆਰੰਭ ਹੋਈ ਜਦੋਂ ਪੈਗੰਬਰ 40 ਸਾਲ ਦੇ ਸਨ ਅਤੇ ਆਇਤਾਂ ਦਾ ਇਹ ਸਿਲਸਿਲਾ ਤਾਉਮਰ ਜਾਰੀ ਰਿਹਾ। ਕੁਰਾਨ ਦੀ ਆਮਦ ਅੰਤਮ ਵਾਰ 63 ਸਾਲ ਦੀ ਉਮਰ ਵਿਚ ਉਹਨਾਂ ਦੇ ਜਹਾਨੋਂ ਰੁਖ਼ਸਤ ਹੋਣ ਤੋਂ ਕੁਝ ਸਮਾਂ ਪਹਿਲਾਂ ਹੋਈ।
ਪੈਗੰਬਰ ਮੁਹੰਮਦ ਨੇ ਘੋਸ਼ਣਾ ਕੀਤੀ ਕਿ ਹਰੇਕ ਪੈਗੰਬਰ ਨੂੰ ਚਮਤਕਾਰਾਂ ਸਹਿਤ ਧਰਤੀ ’ਤੇ ਭੇਜਿਆ ਗਿਆ ਸੀ ਅਤੇ ਕੁਰਾਨ ਪੈਗੰਬਰ ਦੇ ਉਹਨਾਂ ਚਮਤਕਾਰਾਂ ਵਿੱਚੋਂ ਇੱਕ ਸੀ।
ਪਹਿਲੇ ਵਿਸ਼ਵਾਸੀ
ਪੈਗੰਬਰ ਸਾਹਿਬ ਦੀ ਪਤਨੀ ਖਦੀਜਾਹ ਇਸਲਾਮ ਧਾਰਨ ਕਰਨ ਵਾਲੀ ਪਹਿਲੀ ਔਰਤ ਸੀ। ਜਦੋਂ ਮੁਹੰਮਦ ਸਾਹਿਬ ਦੇ ਪੈਗੰਬਰ ਹੋਣ ਦੀ ਖ਼ਬਰ ਗੁਲਾਮੀ ਹੰਢਾ ਕੇ ਆਏ ਜ਼ੈਦ ਬਿਨ ਹਰੀਥਾ (ਉਮਰ 30 ਸਾਲ) ਅਤੇ ਉਸਦੇ ਚਚੇਰੇ ਭਰਾ ਅਲੀ (ਉਮਰ ਲਗਭਗ 11 ਸਾਲ) ਤੱਕ ਪਹੁੰਚੀ ਤਾਂ ਦੋਵਾਂ ਨੇ ਤੁਰੰਤ ਇਸਲਾਮ ਦੇ ਵਿਸ਼ਵਾਸੀ ਹੋਣ ਦਾ ਐਲਾਨ ਕੀਤਾ। ਪੈਗੰਬਰ ਦੇ ਬਚਪਨ ਦੇ ਦੋਸਤ ਅਬੂ ਬਕਰ ਨੇ ਵੀ ਇਸਲਾਮ ਪ੍ਰਤੀ ਆਪਣਾ ਵਿਸ਼ਵਾਸ ਜ਼ਾਹਰ ਕੀਤਾ। ਇਹ ਕੁਝ ਸ਼ਰਧਾਲੂ ਇਸਲਾਮ ਦੇ ਪਹਿਲੇ ਵਿਸ਼ਵਾਸੀ ਸਨ।
ਪਹਿਲੇ ਪੜਾਅ ਵਿੱਚ ਪੈਗੰਬਰ ਨੂੰ ਇਲਾਹੀ ਹੁਕਮ ਹੋਇਆ ਕਿ ਉਹ ਇਸਲਾਮ ਦੇ ਪਾਵਨ ਸੰਦੇਸ਼ ਨੂੰ ਗੁਪਤਮਈ ਜਾਂ ਸ਼ਾਂਤੀਪੂਰਵਕ ਢੰਗ ਨਾਲ ਫੈਲਾਉਣ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਆਪਸੀ ਵਿਰੋਧ ਪੈਦਾ ਨਾ ਹੋਵੇ। ਇੱਕ ਪ੍ਰਭਾਵਸ਼ਾਲੀ ਵਪਾਰੀ ਹੋਣ ਦੇ ਨਾਤੇ ਅਬੂ ਬਕਰ ਆਪਣੇ ਕੁਝ ਦੋਸਤਾਂ, ਧਨਾਢ ਵਪਾਰੀਆਂ ਨੂੰ ਵੀ ਇਸਲਾਮ ਦੇ ਘੇਰੇ ਵਿੱਚ ਲਿਆਉਣ ਦੇ ਯੋਗ ਸੀ। ਪਰ ਬਹੁਗਿਣਤੀ ਧਰਮ ਪਰਿਵਰਤਨ ਕਮਜ਼ੋਰ ਅਤੇ ਗਰੀਬ ਲੋਕਾਂ ਵਿੱਚ ਹੋਇਆ।
ਦੂਜੇ ਪੜਾਅ ਵਿੱਚ ਪੈਗੰਬਰ ਨੂੰ ਪ੍ਰਮਾਤਮਾ ਤੋਂ ਮਿਲੇ ਸੰਦੇਸ਼ ਨੂੰ ਆਪਣੇ ਅਜ਼ੀਜ਼ਾਂ ਸਮੇਤ ਜਨਤਕ ਤੌਰ ’ਤੇ ਫੈਲਾਉਣ ਦਾ ਹੁਕਮ ਮਿਿਲਆ। ਇਸ ਮੰਤਵ ਲਈ ਮੁਹੰਮਦ ਸਾਹਿਬ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਘਰ ਦਾਵਤ ’ਤੇ ਬੁਲਾਇਆ। ਸਾਰੇ ਭੋਜਨ ਦਾ ਪ੍ਰਬੰਧ ਅਲੀ ਨੇ ਹੀ ਕੀਤਾ। ਸਭ ਦੇ ਭੋਜਨ ਕਰਨ ਉਪਰੰਤ ਪੈਗੰਬਰ ਨੇ ਉਨ੍ਹਾਂ ਦੇ ਸਾਹਮਣੇ ਆਪਣਾ ਸੰਦੇਸ਼ ਪੜ੍ਹਿਆ ਕਿ “ਰੱਬ ਨੇ ਉਹਨਾਂ ਨੂੰ ਆਪਣੇ ਦੂਤ ਵਜੋਂ ਚੁਣਿਆ ਹੈ ਇਸ ਕਰਕੇ ਸਾਰੇ ਉਹਨਾਂ ਦਾ ਪੂਰਨ ਸਹਿਯੋਗ ਕਰਨ ਤਾਂ ਜੋ ਪੈਗੰਬਰੀ ਦੀ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਉਹ ਇਮਾਨ ਨਾਲ ਪੂਰਾ ਕਰ ਸਕਣ।”
ਬਜ਼ੁਰਗਾਂ ਵਿੱਚੋਂ ਕੋਈ ਵੀ ਪੈਗੰਬਰ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ। ਸਿਰਫ਼ ਅਲੀ ਜੋ ਕਿ 10-12 ਸਾਲ ਦਾ ਬੱਚਾ ਸੀ; ਖੜ੍ਹਾ ਹੋਇਆ ਅਤੇ ਕਹਿਣ ਲੱਗਾ “ਹੇ ਰੱਬੀ ਦੂਤ! ਮੈਂ ਤੁਹਾਡੇ ਨਾਲ ਹਾਂ ਤੇ ਤੁਹਾਨੂੰ ਪੂਰਨ ਸਹਿਯੋਗ ਦਵਾਂਗਾ।” ਅਲੀ ਦਾ ਜਵਾਬ ਸੁਣ ਕੇ ਪੈਗੰਬਰ “ਓ ਪਿਆਰੇ ਅਲੀ, ਓ ਪਿਆਰੇ ਅਲੀ!” ਕਹਿੰਦਿਆਂ ਮੁਸਕੁਰਾਉਣ ਲੱਗੇ।
ਇਸਲਾਮ ਲਈ ਪਹਿਲਾ ਜਨਤਕ ਸੱਦਾ
ਅਰਬੀ ਰੀਤੀ ਰਿਵਾਜਾਂ ਅਨੁਸਾਰ, ਲੋਕ ਜਦੋਂ ਕੋਈ ਜ਼ਰੂਰੀ ਖ਼ਬਰ ਸੁਣਾਉਣੀ ਹੁੰਦੀ ਸੀ ਤਾਂ ਪਹਾੜੀ ’ਤੇ ਚੜ੍ਹ ਜਾਂਦੇ ਸਨ। ਇਸ ਲਈ ਪੈਗੰਬਰ ਆਪਣੀ ਸਭ-ਮਹੱਤਵਪੂਰਣ ਖ਼ਬਰਾਂ ਦੇ ਨਾਲ ਕਾਬਾ ਦੇ ਨੇੜੇ ਸਥਿਤ ‘ਸਫਾ’ ਨਾਮਕ ਪਹਾੜੀ ’ਤੇ ਚੜ੍ਹ ਗਏ। ਫਿਰ ਉਹਨਾਂ ਨੇ ਲੋਕਾਂ ਨੂੰ ਅਵਾਜ਼ਾ ਦਿੱਤਾ ਤੇ ਸਾਰੇ ਉਹਨਾਂ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਉਹਨਾਂ ਨੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ “ਜੇ ਮੈਂ ਤੁਹਾਨੂੰ ਇਹ ਕਹਾਂ ਕਿ ਇੱਕ ਵਿਸ਼ਾਲ ਫੌਜ ਉਸ ਪਹਾੜ ਦੇ ਪਿੱਛੇ ਛੁਪੀ ਹੋਈ ਹੈ ਅਤੇ ਤੁਹਾਡੇ ’ਤੇ ਹਮਲਾ ਕਰਨ ਲਈ ਤਿਆਰ-ਬਰ-ਤਿਆਰ ਹੈ, ਤਾਂ ਕੀ ਤੁਸੀਂ ਮੇਰੀ ਗੱਲ ’ਤੇ ਵਿਸ਼ਵਾਸ ਕਰੋਗੇ?” ਸਾਰੇ ਲੋਕ ਇਕ ਅਵਾਜ਼ ’ਚ ਬੋਲੇ “ਬੇਸ਼ੱਕ, ਅਸੀਂ ਕਰਾਂਗੇ ਕਿਉਂਕਿ ਸਾਨੂੰ ਤੁਹਾਡੇ ’ਤੇ ਭਰੋਸਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਹਮੇਸ਼ਾ ਸੱਚ ਬੋਲਦੇ ਹੋ।” ਫਿਰ ਨਬੀ ਨੇ ਕਿਹਾ:
“ਪਿਆਰੇ ਸ਼ਰਧਾਲੂਓ! ਈਸ਼ਵਰ ਨੇ ਮੈਨੂੰ ਤੁਹਾਨੂੰ ਚੇਤੰਨ ਕਰਨ ਦਾ ਹੁਕਮ ਦਿੱਤਾ ਹੈ ਕਿ ਤੁਸੀਂ ਸਿਰਫ਼ ਇਕੋ ਇਕ ਪਰਮੇਸ਼ਰ ਦੀ ਉਪਾਸਨਾ ਕਰਨੀ ਹੈ। ਜੇ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਤੁਸੀਂ ਪਰਮੇਸ਼ਰ ਦੀ ਨਰਾਜ਼ਗੀ ਲਈ ਆਪ ਜ਼ਿੰਮੇਵਾਰ ਹੋਵੋਗੇ ਅਤੇ ਬੇਸ਼ਕ ਤੁਸੀਂ ਮੇਰੇ ਅਜ਼ੀਜ਼ ਹੋ ਪਰ ਮੈਂ ਤੁਹਾਡੀ ਮਦਦ ਕਰਨ ਵਿਚ ਅਸਮਰੱਥ ਹੋਵਾਂਗਾ।”
ਪੈਗੰਬਰ ਦਾ ਚਾਚਾ ਅਬੂ ਲਹਾਬ ਬਹੁਤ ਗੁੱਸੇ ਵਿੱਚ ਆਇਆ ਅਤੇ ਪੈਗੰਬਰ ਨੂੰ ਝਿੜਕਦਿਆਂ ਹੋਇਆ ਕਹਿਣ ਲੱਗਾ “ਲਾਹਨਤ ਹੈ ਇਸ ਦਿਨ ’ਤੇ! ਕੀ ਇਸ ਲਈ ਅੱਜ ਦੇ ਦਿਨ ਤੂੰ ਸਾਨੂੰ ਇਕੱਠੇ ਕੀਤਾ ਸੀ?”
ਕਈਆਂ ਨੇ ਟਿੱਪਣੀ ਕੀਤੀ ਕਿ ਉਹ ਪਾਗਲ ਹੋ ਗਿਆ ਹੈ ਅਤੇ ਫਿਰ ਜਲਦੀ ਹੀ ਉਹ ਸਾਰੇ ਪੈਗੰਬਰ ਦੇ ਸ਼ਬਦਾਂ ’ਤੇ ਵਿਚਾਰ ਕੀਤੇ ਬਿਨਾਂ ਹੀ ਆਪਣੇ-ਆਪਣੇ ਰਾਹ ਪੈ ਗਏ।