ਬਚਪਨ ਅਤੇ ਜਵਾਨੀ
ਪੈਗੰਬਰ ਮੁਹੰਮਦ ਸਾਹਿਬ ਦਾ ਜਨਮ 570 ਈਸਵੀ ਵਿੱਚ ਮੱਕੇ ਵਿਖੇ ਕੁਰੈਸ਼ ਦੇ ਕਬੀਲੇ ਵਿੱਚ ਹੋਇਆ ਅਤੇ ਉਹਨਾਂ ਦੀ ਇਸ ਜਹਾਨੋਂ ਰੁਖ਼ਸਤੀ 632 ਈਸਵੀ (63 ਸਾਲ ਦੀ ਉਮਰ) ਵਿੱਚ ਮਦੀਨਾ ਵਿਖੇ ਹੋਈ। ਮੱਕਾ ਉਦੋਂ ਮੁੱਖ ਤੌਰ ’ਤੇ ਕੁਰੈਸ਼ ਦੇ ਕਬੀਲੇ ਦੁਆਰਾ ਆਬਾਦ ਸੀ। ਉਨ੍ਹਾਂ ਸਮਿਆਂ ਵਿੱਚ ਮੱਕਾ ਇੱਕ ਮਹੱਵਪੂਰਨ ਵਪਾਰਕ ਅਤੇ ਧਾਰਮਿਕ ਕੇਂਦਰ ਸੀ ਜਿਸ ਸਦਕਾ ਇਸ ਵਿਚ ਵੱਸਦੇ ਕੁਰੈਸ਼ ਦੇ ਕਬੀਲੇ ਨੂੰ ਸਮੁੱਚੇ ਅਰਬ ਅਤੇ ਗੁਆਂਢੀ ਦੇਸ਼ਾਂ ਵਿੱਚ ਬਹੁਤ ਮਾਣ ਪ੍ਰਾਪਤ ਸੀ।
ਮੁਹੰਮਦ ਸਾਹਿਬ ਅਜੇ ਗਰਭ ਵਿੱਚ ਹੀ ਸਨ ਕਿ ਉਹਨਾਂ ਦੇ ਪਿਤਾ ਅਬਦੁੱਲਾ ਜੀ ਜਹਾਨੋਂ ਰੁਖ਼ਸਤ ਹੋ ਗਏ। ਮੁਹੰਮਦ ਸਾਹਿਬ ਦੇ ਜਨਮ ਤੋਂ ਤੁਰੰਤ ਬਾਅਦ ਉਹਨਾਂ ਦੀ ਮਾਂ ਅਮੀਨਾਹ ਨੇ ਉਹਨਾਂ ਨੂੰ ਦਾਦਾ ਅਬਦੁਲ ਮੁਤਾਲਿਬ ਕੋਲ ਭੇਜ ਦਿੱਤਾ। ਦਾਦੇ ਦਾ ਪੋਤੇ ਨਾਲ ਬਹੁਤ ਡੂੰਘਾ ਪਿਆਰ ਸੀ ਕਿਉਂਕਿ ਉਹਨਾਂ ਨੂੰ ਪੋਤੇ ’ਚੋਂ ਆਪਣੇ ਪੁੱਤਰ ਅਬਦੁੱਲਾ ਦੀ ਛਵੀ ਨਜ਼ਰ ਆਉਂਦੀ ਸੀ। ਇਥੋਂ ਤਕ ਕਿ ਪੋਤੇ ਨੂੰ “ਮੁਹੰਮਦ” (ਜਿਸਦਾ ਅਰਥ ਹੈ “ਪ੍ਰਸ਼ੰਸਾਯੋਗ”) ਨਾਮ ਦੇਣ ਵਾਲੇ ਵੀ ਦਾਦਾ ਜੀ ਹੀ ਸਨ। ਮੱਕੇ ਦੇ ਕੁਲੀਨ ਵਰਗ ਦੀ ਪਰੰਪਰਾ ਮੁਤਾਬਿਕ ਮੁਹੰਮਦ ਸਾਹਿਬ ਨੂੰ ਪਾਲਣ-ਪੋਸ਼ਨ ਲਈ ਬਾਨੂ ਸਾਦ ਕਬੀਲੇ ਨਾਲ ਸਬੰਧਤ ਇਕ ਔਰਤ (ਜੋ ਦੂਜਿਆਂ ਦੇ ਬੱਚਿਆਂ ਨੂੰ ਦੁੱਧ ਪਿਲਾਉਂਦੀ ਹੈ) ਹਲੀਮਾਹ ਅਲ-ਸਾਦੀਆ ਦੇ ਹਵਾਲੇ ਕਰ ਦਿੱਤਾ ਗਿਆ। ਇਹ ਰੀਤ ਅੱਜ ਵੀ ਉਥੇ ਦੇ ਕੁਲੀਨਾਂ ਵਿੱਚ ਪ੍ਰਚਲਿਤ ਹੈ।
ਮੁਹੰਮਦ ਸਾਹਿਬ ਪੰਜ ਸਾਲ ਦੀ ਉਮਰ ਤੱਕ ਹਲੀਮਾਹ ਦੇ ਪਾਲਣ-ਪੋਸ਼ਣ ਅਧੀਨ ਰਹੇ ਅਤੇ ਉਥੇ ਰਹਿੰਦਿਆਂ ਹੋਇਆਂ ਉਹਨਾਂ ਨੇ ਅਰਬੀ ਭਾਸ਼ਾ ਨੂੰ ਬਿਲਕੁਲ ਸ਼ੁੱਧ ਰੂਪ ਵਿੱਚ ਸਿੱਖਿਆ। ਇਸ ਉਪਰੰਤ ਮੁਹੰਮਦ ਸਾਹਿਬ ਆਪਣੀ ਮਾਂ ਅਮੀਨਾਹ ਕੋਲ ਵਾਪਸ ਪਰਤ ਆਏ। ਇਥੋਂ ਮਾਂ ਉਹਨਾਂ ਨੂੰ ਆਪਣੇ ਨਾਲ ਚਾਚੇ ਬਾਨੂ ਅਲ ਨਜਰ ਨੂੰ ਮਿਲਣ ਲਈ ਯਥਰੀਬ (ਹੁਣ ਮਦੀਨਾ ਵਜੋਂ ਜਾਣਿਆ ਜਾਂਦਾ ਹੈ) ਲੈ ਗਈ। ਯਥਰੀਬ ਵਿਖੇ ਇੱਕ ਮਹੀਨਾ ਠਹਿਰਨ ਉਪਰੰਤ ਅਮੀਨਾਹ ਮੁੜ ਮੱਕੇ ਲਈ ਰਵਾਨਾ ਹੋਈ ਪਰ ਅਫ਼ਸੋਸ ਤਬੀਅਤ ਨਾਸਾਜ਼ ਹੋਣ ਕਰਕੇ ਉਹਨਾਂ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ।
ਅਨਾਥ ਹੋਏ ਮੁਹੰਮਦ ਸਾਹਿਬ ਦੀ ਦੇਖਭਾਲ ਕੁਰੈਸ਼ ਦੇ ਮੁਖੀ ਦਾਦਾ ਅਬਦੁਲ ਮੁਤਾਲਿਬ ਨੇ ਬਹੁਤ ਜ਼ਿੰਮੇਵਾਰੀ ਸਹਿਤ ਕੀਤੀ ਅਤੇ ਮਾਤਾ-ਪਿਤਾ ਦੀ ਕਮੀ ਕਦੇ ਮਹਿਸੂਸ ਨਹੀਂ ਹੋਣ ਦਿੱਤੀ। ਕੁਰੈਸ਼ ਕਬੀਲੇ ਦੇ ਮੁਖੀ ਹੋਣ ਸਦਕਾ ਉਹ ਕਾਬਾਹ ਵਿੱਚ ਇੱਕ ਉੱਚੀ ਗੱਦੀ ’ਤੇ ਬੈਠਦੇ ਸਨ, ਜਿਸ ’ਤੇ ਕਿਸੇ ਹੋਰ ਆਮ ਇਨਸਾਨ ਨੂੰ ਬੈਠਣ ਦੀ ਇਜਾਜ਼ਤ ਨਹੀਂ ਸੀ, ਪਰ ਦਾਦੇ ਦਾ ਪੋਤੇ ਮੁਹੰਮਦ ਨਾਲ ਇੰਨਾ ਡੂੰਘਾ ਸਨੇਹ ਸੀ ਕਿ ਉਹ ਆਪ ਮੁਹੰਮਦ ਨੂੰ ਉਸ ਗੱਦੀ ’ਤੇ ਬੈਠਣ ਦੀ ਤਜਵੀਜ਼ ਕਰਿਆ ਕਰਦੇ ਸਨ। ਮੁਹੰਮਦ ਸਾਹਿਬ ਸਿਰਫ਼ ਅੱਠ ਵਰ੍ਹਿਆ ਦੇ ਸਨ ਜਦੋਂ ਦਾਦਾ ਅਬਦੁਲ ਮੁਤਾਲਿਬ ਫੌਤ ਹੋ ਗਏ ਜਿਸ ਕਰਕੇ ਉਹਨਾਂ ਨੂੰ ਬਹੁਤਾ ਲੰਮਾ ਸਮਾਂ ਦਾਦੇ ਦਾ ਪਿਆਰ ਨਸੀਬ ਨਾ ਹੋ ਸਕਿਆ।
ਹੁਣ ਮੁਹੰਮਦ ਸਾਹਿਬ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਹਨਾਂ ਦੇ ਚਾਚਾ ਅਬੂ ਤਾਲਿਬ ਜੋ ਇੱਕ ਵਪਾਰੀ ਸੀ; ਨੂੰ ਸੌਂਪ ਦਿੱਤੀ ਗਈ। ਇਕ ਵਾਰ ਜਦੋਂ ਅਬੂ ਤਾਲਿਬ ਵਪਾਰਕ ਯਾਤਰਾ ’ਤੇ ਸੀਰੀਆ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੁਹੰਮਦ ਸਾਹਿਬ ਨੇ ਵੀ ਨਾਲ ਜਾਣ ਦੀ ਦਿਲੀ ਇੱਛਾ ਪ੍ਰਗਟਾਈ। ਬੇਸ਼ਕ ਉਹ ਇੰਨੀ ਔਖੀ ਯਾਤਰਾ ਕਰਨ ਲਈ ਅਜੇ ਥੋੜ੍ਹਾ ਛੋਟਾ ਸੀ, ਪਰ ਚਾਚਾ ਅਬੂ ਤਾਲਿਬ ਦੇ ਹਿਰਦੇ ਵਿਚ ਉਸ ਲਈ ਇੰਨਾ ਸਨੇਹ ਭਰਿਆ ਹੋਇਆ ਸੀ ਕਿ ਉਹ ਚਾਹ ਕੇ ਵੀ ਇਨਕਾਰ ਨਾ ਕਰ ਸਕਿਆ ਤੇ ਮੁਹੰਮਦ ਨੂੰ ਯਾਤਰਾ ’ਤੇ ਨਾਲ ਲੈ ਕੇ ਜਾਣ ਲਈ ਤਿਆਰ ਹੋ ਗਿਆ।
ਜਦੋਂ ਉਹ ਸੀਰੀਆ ਪਹੁੰਚੇ ਤਾਂ ਉਨ੍ਹਾਂ ਦਾ ਵਪਾਰਕ ਕਾਫ਼ਲਾ ਵਿਸ਼ਰਾਮ ਲਈ ਬੁਸਰਾ ਸ਼ਹਿਰ ਵਿਖੇ ਰੁੱਕ ਗਿਆ। ਉੱਥੇ ਉਹ ਬਹਿਰਾਹ ਨਾਮ ਦੇ ਇੱਕ ਈਸਾਈ ਭਿਕਸ਼ੂ ਨੂੰ ਮਿਲੇ ਜੋ ਕਈ ਸਾਲਾਂ ਤੋਂ ਉੱਥੇ ਇੱਕ ਮੱਠ ਵਿੱਚ ਰਹਿ ਰਿਹਾ ਸੀ। ਉਸਨੇ ਪ੍ਰਾਚੀਨ ਗ੍ਰੰਥਾਂ ਵਿੱਚ ਇੱਕ ਅਰਬ ਪੈਗੰਬਰ ਦੇ ਆਗਮਨ ਬਾਰੇ ਪੜ੍ਹਿਆ ਹੋਇਆ ਸੀ ਤੇ ਮੁਹੰਮਦ ਸਾਹਿਬ ਨੂੰ ਇਕ ਨਜ਼ਰ ਦੇਖਦਿਆਂ ਹੀ ਉਹ ਤੁਰੰਤ ਪਛਾਣ ਗਿਆ ਕਿ ਅੱਲ੍ਹਾ ਦਾ ਘੱਲਿਆ ਨਬੀ, ਪੈਗੰਬਰ ਇਹ ਮੁਹੰਮਦ ਹੀ ਹੈ।
ਭਿਕਸ਼ੂ ਨੇ ਸਾਰੇ ਕਾਫ਼ਲੇ ਨੂੰ ਆਪਣੇ ਮੱਠ ਵਿੱਚ ਆਮੰਤਰਿਤ ਕੀਤਾ ਅਤੇ ਅਬੂ ਤਾਲਿਬ ਨੂੰ ਪੁੱਛਿਆ, “ਇਸ ਬੱਚੇ ਨਾਲ ਤੁਹਾਡਾ ਕੀ ਸਬੰਧ ਹੈ?” ਉਸਨੇ ਉੱਤਰ ਦਿੱਤਾ, “ਇਹ ਮੇਰਾ ਪੁੱਤਰ ਹੈ।” ਬਹਿਰਾਹ ਨੇ ਕਿਹਾ, “ਇਹ ਮੁਮਕਿਨ ਨਹੀਂ। ਇਹਦਾ ਪਿਤਾ ਜ਼ਿੰਦਾ ਨਹੀਂ ਹੋ ਸਕਦਾ।” ਇਹ ਸੁਣ ਅਬੂ ਤਾਲਿਬ ਨੇ ਉਸਨੂੰ ਸਾਰੀ ਗੱਲ ਖੋਲ੍ਹ ਕੇ ਦੱਸੀ ਕਿ ਉਹਦੇ ਪਿਤਾ ਦੀ ਬਹੁਤ ਪਹਿਲੋਂ ਹੀ ਮੌਤ ਹੋ ਚੁੱਕੀ ਹੈ। ਭਿਕਸ਼ੂ ਬਹਿਰਾਹ ਨੇ ਅਬੂ ਤਾਲਿਬ ਨੂੰ ਆਪਣੇ ਭਤੀਜੇ ਸਮੇਤ ਤੁਰੰਤ ਵਾਪਸ ਆਪਣੇ ਦੇਸ ਪਰਤਣ ਅਤੇ ਦੁਸ਼ਮਣਾਂ ਤੋਂ ਮੁਹੰਮਦ ਸਾਹਿਬ ਦੀ ਰੱਖਿਆ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ “ਅੱਲ੍ਹਾ ਦੀ ਕਸਮ, ਜੇਕਰ ਮੁਹੰਮਦ ਨੂੰ ਪਛਾਣ ਲਿਆ ਗਿਆ, ਤਾਂ ਉਸਦੀ ਜਾਨ ਨੂੰ ਖਤਰਾ ਹੋ ਸਕਦਾ ਹੈ।”
ਮੁਹੰਮਦ ਸਾਹਿਬ ਬਾਲਗ ਹੁੰਦਿਆਂ-ਹੁੰਦਿਆਂ ਮੱਕੇ ਵਿੱਚ ਆਪਣੀ ਨੈਤਿਕਤਾ, ਕੋਮਲ ਸੁਭਾਅ ਅਤੇ ਇਮਾਨਦਾਰੀ ਲਈ ਜਾਣੇ ਜਾਣ ਲੱਗੇ ਸਨ। ਇਸਦੀ ਪ੍ਰਤੱਖ ਉਦਾਹਰਣ ਇਹ ਹੈ ਕਿ ਉਹਨਾਂ ਦੇ ਹਮਵਤਨਾਂ ਦੁਆਰਾ ਉਹਨਾਂ ਨੂੰ ਅਲ-ਆਮੀਨ (ਭਰੋਸੇਯੋਗ) ਅਤੇ ਅਸ-ਸਾਦਿਕ (ਸੱਚਾ) ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਜਦੋਂ ਮੁਹੰਮਦ ਸਾਹਿਬ 25 ਸਾਲਾਂ ਦੇ ਸਨ ਤਾਂ ਇੱਕ 40 ਸਾਲਾ ਵਿਧਵਾ ਅਮੀਰ ਔਰਤ ਖਦੀਜਾਹ ਨੇ ਉਹਨਾਂ ਨੂੰ ਆਪਣੇ ਕਾਰੋਬਾਰ ਦੇ ਪ੍ਰਬੰਧਨ ਲਈ ਨੌਕਰੀ ’ਤੇ ਰੱਖ ਲਿਆ। ਖਦੀਜਾਹ ਇਕ ਭਲੀ ਔਰਤ ਸੀ ਜੋ ਚੰਗਾ ਕੰਮ ਕਰਨ ਵਾਲੇ ਮਰਦ ਨੂੰ ਕਮਾਏ ਮੁਨਾਫ਼ੇ ਵਿਚੋਂ ਬਣਦਾ ਹੱਕ ਜ਼ਰੂਰ ਦਿੰਦੀ ਸੀ। ਪਰ ਮੁਹੰਮਦ ਸਾਹਿਬ ਦੀ ਮਿਹਨਤ, ਇਮਾਨਦਾਰੀ ਤੇ ਗੁਣਾਂ ਤੋਂ ਖਦੀਜਾਹ ਇਸ ਕਦਰ ਪ੍ਰਭਾਵਿਤ ਹੋਈ ਕਿ ਉਸਨੇ ਮੁਨਾਫ਼ਾ ਤਾਂ ਕਿ ਸਿੱਧਾ ਵਿਆਹ ਦਾ ਪ੍ਰਸਤਾਵ ਹੀ ਰੱਖ ਦਿੱਤਾ। ਆਪਣੇ ਚਾਚੇ ਅਬੂ ਤਾਲਿਬ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮੁਹੰਮਦ ਸਾਹਿਬ ਨੇ ਵਿਆਹ ਦਾ ਪ੍ਰਸਤਾਵ ਸਵੀਕਾਰ ਕਰ ਲਿਆ।